ਬੇਅਦਬੀ ਕਾਨੂੰਨ ’ਤੇ ਸਿਆਸਤ ਨਾ ਕਰਨ ਵਿਰੋਧੀ: ਸੰਧਵਾਂ
ਬੇਅਦਬੀ ਮਾਮਲਿਆਂ ਸਬੰਧੀ ਕਾਨੂੰਨ ਬਣਾਏ ਜਾਣ ਦੀ ਖੁਸ਼ੀ ਵਿੱਚ ਮਹਿਲ ਕਲਾਂ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀ ਸਿੱਖ ਸੰਗਤ ਵਲੋਂ ‘ਮਹਾਰਾਜਾ...
ਬੇਅਦਬੀ ਮਾਮਲਿਆਂ ਸਬੰਧੀ ਕਾਨੂੰਨ ਬਣਾਏ ਜਾਣ ਦੀ ਖੁਸ਼ੀ ਵਿੱਚ ਮਹਿਲ ਕਲਾਂ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀ ਸਿੱਖ ਸੰਗਤ ਵਲੋਂ ‘ਮਹਾਰਾਜਾ ਰਣਜੀਤ ਸਿੰਘ ਪੁਰਸਕਾਰ’ ਨਾਲ ਸਨਮਾਨ ਕੀਤਾ ਗਿਆ।
ਇਸ ਮੌਕੇ ਸਪੀਕਰ ਸੰਧਵਾਂ ਨੇ ਬੇਅਦਬੀ ਕਾਨੂੰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਾਨੂੰਨ ਹਰ ਪੰਜਾਬੀ ਦੇ ਮਨ ਦੀ ਚੀਸ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਗੁਨਾਹਗਾਰ ਹੁਣ 10-20 ਸਾਲ ਦੀ ਸਜ਼ਾ ਕੱਟ ਕੇ ਬਾਹਰ ਨਹੀਂ ਆ ਸਕਣਗੇ, ਸਗੋਂ ਉਨ੍ਹਾਂ ਨੂੰ ਆਪਣੀ ਸਾਰੀ ਉਮਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਗੁਜ਼ਾਰਨੀ ਪਵੇਗੀ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦੇ ਸਤਿਕਾਰ ਨਾਲ ਜੁੜੇ ਇਸ ਮੁੱਦੇ ’ਤੇ ਸਿਆਸਤ ਕਰਨ ਦੀ ਬਜਾਏ ਸਹਿਯੋਗ ਦੇਣ। ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਗਏ ਰਾਜ ਸਭਾ ਮੈਂਬਰ ਸੰਦੀਪ ਪਾਠਕ ’ਤੇ ਦਰਜ ਮਾਮਲੇ ਅਤੇ ਰਾਜਿੰਦਰ ਗੁਪਤਾ ਦੀ ਟ੍ਰਾਈਡੈਂਟ ਫੈਕਟਰੀ ’ਤੇ ਹੋਈ ਛਾਪੇਮਾਰੀ ਬਾਰੇ ਪੁੱਛੇ ਜਾਣ ’ਤੇ ਸੰਧਵਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਕੁਝ ਗਲਤ ਕੀਤਾ ਹੈ ਤਾਂ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਲਾਜ਼ਮੀ ਹੈ। ਉਨ੍ਹਾਂ ਸਿਆਸੀ ਰੰਜਿਸ਼ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਕਾਰਵਾਈ ਤੱਥਾਂ ਦੇ ਆਧਾਰ ’ਤੇ ਹੋ ਰਹੀ ਹੈ।
ਨਰਸਿੰਗ ਕਾਲਜ ਲਈ ਪੈਰਵੀ ਸ਼ੁਰੂ ਕਰ ਰਹੇ ਹਾਂ: ਪੰਡੋਰੀ
ਇੱਥੇ ਧਾਰਮਿਕ ਸਮਾਗਮ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਨਰਸਿੰਗ ਕਾਲਜ ਅਤੇ ਸਬ-ਡਿਵੀਜ਼ਨ ਦਾ ਪ੍ਰਬੰਧਕੀ ਕੰਪਲੈਕਸ ਨਾ ਬਣਾਏ ਜਾਣ ਬਾਰੇ ਸਵਾਲ ਕੀਤਾ ਜਿਸ ਦਾ ਜਵਾਬ ਨਾਲ ਬੈਠੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਦਿੱਤਾ ਗਿਆ। ਵਿਧਾਇਕ ਨੇ ਅਜੀਬੋ-ਗਰੀਬ ਤਰਕ ਦਿੱਤਾ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਬੱਚਿਆਂ ਦਾ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਘੱਟ ਗਿਆ ਹੈ ਜਿਸ ਕਰ ਕੇ ਹੁਣ ਕਾਲਜ ਨੂੰ ਸ਼ੁਰੂ ਕਰਵਾਉਣ ਦੀ ਪੈਰਵੀ ਮੁੜ ਸ਼ੁਰੂ ਕੀਤੀ ਜਾ ਰਹੀ ਹੈ। ਵਿਧਾਇਕ ਪੰਡੋਰੀ ਨੇ ਮਹਿਲ ਕਲਾਂ ਸਬ-ਡਿਵੀਜ਼ਨ ਲਈ ਪ੍ਰਬੰਧਕੀ ਕੰਪਲੈਕਸ ਜਲਦ ਸ਼ੁਰੂ ਕਰਨ ਦਾ ਦਾਅਵਾ ਕੀਤਾ। ਜ਼ਿਕਰਯੋਗ ਹੈ ਕਿ ਜਨਵਰੀ 2023 ਵਿੱਚ ਆਜ਼ਾਦੀ ਘੁਲਾਟੀਏ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੜਕੀਆਂ ਦੇ ਸਰਕਾਰੀ ਸਕੂਲ ਨੂੰ ਅੱਪਗ੍ਰੇਡ ਕਰ ਕੇ ਸਰਕਾਰੀ ਨਰਸਿੰਗ ਕਾਲਜ ਬਣਾਉਣ ਦਾ ਐਲਾਨ ਕੀਤਾ ਸੀ। ਇਸ ਉਪਰੰਤ 3 ਸਾਲਾਂ ਤੋਂ ਮੁੱਖ ਮੰਤਰੀ ਬਰਸੀ ਸਮਾਗਮ ਮੌਕੇ ਨਹੀਂ ਪਹੁੰਚੇ।

