ਇਕਬਾਲ ਸਿੰਘ ਸ਼ਾਂਤ
ਲੰਬੀ, 10 ਸਤੰਬਰ
‘ਅਪ੍ਰੇਸ਼ਨ ਸੀਲ- 4’ ਤਹਿਤ ਪੰਜਾਬ ਪੁਲੀਸ ਨੇ ਸੂਬਾਈ ਹੱਦਾਂ ’ਤੇ ਨਾਕਾਬੰਦੀ ਕਰ ਕੇ ਹਰਿਆਣਾ ਅਤੇ ਰਾਜਸਥਾਨ ਪੁਲੀਸ ਨਾਲ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਜਿਸ ਤਹਿਤ ਹਲਕੇ ਵਿੱਚ ਲੰਬੀ ਸਬ-ਡਿਵੀਜ਼ਨ ਦੇ ਡੀਐੱਸਪੀ ਜਸਪਾਲ ਸਿੰਘ ਦੀ ਅਗਵਾਈ ਹੇਠ ਪੰਜ ਜਗ੍ਹਾ ਅੰਤਰਰਾਜੀ ਨਾਕੇ ਲਗਾਏ ਗਏ। ਇਸ ਅੰਤਰਰਾਜੀ ਨਾਕਾਬੰਦੀ ਤਹਿਤ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਗਈ ਅਤੇ ‘ਵਾਹਨ ਐਪ’ ਰਾਹੀਂ ਵੈਰੀਫਾਈ ਵੀ ਕੀਤਾ ਗਿਆ। ਹਰਿਆਣਾ ਨਾਲ ਖਹਿੰਦੇ ਅੰਤਰਰਾਜੀ ਮੁੱਖ ਨਾਕੇ ’ਤੇ ਥਾਣਾ ਕਿਲਿਆਂਵਾਲੀ ਦੇ ਮੁਖੀ ਕਰਮਜੀਤ ਸਿੰਘ ਦੀ ਅਗਵਾਈ ਹੇਠ ਖਾਕੀ ਅਮਲਾ ਤਾਇਨਾਤ ਕੀਤਾ ਗਿਆ ਸੀ। ਡੀਐੱਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਨਾਕਾਬੰਦੀ ਤਹਿਤ ਕਿੱਲਿਆਂਵਾਲੀ ਪੁਲੀਸ ਨੇ ਪੋਕਸੋ ਐਕਟ ਦੇ ਮੁਕੱਦਮੇ ਵਿੱਚ ਫ਼ਰਾਰ ਮੁਲਜਮ ਪ੍ਰਦੀਪ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ। ਥਾਣਾ ਕਬਰਵਾਲਾ ਨੇ ਨਾਕਾਬੰਦੀ ਦੌਰਾਨ ਤਿੰਨ ਕਿਲੋ ਡੋਡਾ ਪੋਸਤ ਬਰਾਮਦ ਕੀਤਾ। ਪੰਜ ਵਾਹਨਾਂ ਦੇ ਟਰੈਫ਼ਿਕ ਉਲੰਘਣਾ ਦੇ ਦੋਸ਼ ਹੇਠ ਚਲਾਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ੱਕ ’ਤੇ 20 ਵਾਹਨ ਕਬਜ਼ੇ ਵਿੱਚ ਲਏ ਗਏ ਜਦਕਿ 15 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਵੈਰੀਫਾਈ ਕੀਤਾ ਗਿਆ ਜੋ ਬਾਅਦ ’ਚ ਛੱਡ ਦਿੱਤੇ ਗਏ।