ਕਾਂਗਰਸ ਪਾਰਟੀ ਵਿੱਚ ਵਫ਼ਾਦਾਰਾਂ ਨੂੰ ਹੀ ਮਿਲਣਗੀਆਂ ਪ੍ਰਧਾਨਗੀਆਂ: ਜਾਵੇਦ
ਕੇਂਦਰੀ ਟੀਮ ਵੱਲੋਂ ਵਰਕਰਾਂ ਨਾਲ ਮੀਟਿੰਗ; ਦਲਬਦਲੂਆਂ ਨੂੰ ਅਹਿਮੀਅਤ ਨਾ ਦੇਣ ਦਾ ਫ਼ੈਸਲਾ
ਕੁੱਲ ਹਿੰਦ ਕਾਂਗਰਸ ਕਮੇਟੀ ਦੇ ਕੇਂਦਰੀ ਮੈਂਬਰਾਂ ਨੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਇੱਥੇ ਜ਼ਿਲ੍ਹੇ ਭਰ ਦੇ ਪਾਰਟੀ ਵਰਕਰਾਂ, ਆਗੂਆਂ ਅਤੇ ਸਮਾਜਿਕ ਜਥੇਬੰਦੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਕਮੇਟੀ ਦੇ ਕੇਂਦਰੀ ਆਗੂ ਨਦੀਮ ਜਾਵੇਦ, ਕੇ ਕੇ ਅਗਰਵਾਲ ਅਤੇ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਦੇਸ਼ ਪੱਧਰ ’ਤੇ ਮਜ਼ਬੂਤ ਕਰਨ ਲਈ ਪਾਰਟੀ ਦੇ ਕੇਂਦਰੀ ਆਗੂ ਹਰ ਜ਼ਿਲ੍ਹੇ ਅਤੇ ਵਿਧਾਨ ਸਭਾ ਹਲਕੇ ਵਿੱਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਜਿਹੇ ਵਰਕਰਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੀ ਹੈ ਜੋ ਦੇਸ਼ ਦੀ ਗੱਲ ਕਰ ਸਕੇ ਅਤੇ ਲੋਕ ਉਸ ਦੀ ਗੱਲ ਸੁਣਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਦਲ ਬਦਲੂਆਂ ਨੂੰ ਕਾਂਗਰਸ ਪਾਰਟੀ ਅਹਿਮੀਅਤ ਨਹੀਂ ਦੇਣਾ ਚਾਹੁੰਦੀ ਅਤੇ ਵਫਾਦਾਰ ਕਾਂਗਰਸੀ ਆਗੂਆਂ ਨੂੰ ਹੀ ਜ਼ਿਲ੍ਹਾ ਪ੍ਰਧਾਨਗੀਆਂ ਸੌਂਪੀਆਂ ਜਾਣਗੀਆਂ। ਉਹਨਾਂ ਕਿਹਾ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਕੁੱਲ 12 ਉਮੀਦਵਾਰ ਪ੍ਰਧਾਨਗੀ ਦੀ ਚੋਣ ਲਈ ਦੌੜ ਵਿੱਚ ਹਨ ਜਿਨ੍ਹਾਂ ਵਿੱਚੋਂ ਕਿਸੇ ਇੱਕ ਵਰਕਰ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਜਾਣਾ ਹੈ ਅਤੇ ਬਾਕੀ ਦੇ ਵਰਕਰਾਂ ਨੂੰ ਵੀ ਯੋਗ ਨੁਮਾਇੰਦਗੀ ਪਾਰਟੀ ਵਿੱਚ ਦਿੱਤੀ ਜਾਵੇਗੀ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾਈ ਆਗੂ ਕੁਸ਼ਲਦੀਪ ਸਿੰਘ ਢਿੱਲੋਂ, ਕਾਂਗਰਸ ਕਮੇਟੀ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਸਮੇਤ ਕਰੀਬ 200 ਕਾਂਗਰਸੀ ਆਗੂ ਤੇ ਵਰਕਰ ਅੱਜ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਕੇਂਦਰੀ ਟੀਮ ਨੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਵਪਾਰੀਆਂ, ਕਾਰੋਬਾਰੀਆਂ, ਦੁਕਾਨਦਾਰਾਂ, ਸਮਾਜਿਕ ਜਥੇਬੰਦੀਆਂ ਅਤੇ ਪਾਰਟੀ ਵਰਕਰਾਂ ਕੋਲੋਂ ਜ਼ਿਲਾ ਪ੍ਰਧਾਨ ਦੀ ਚੋਣ ਸਬੰਧੀ ਵਿਚਾਰ ਹਾਸਲ ਕੀਤੇ। ਕਾਂਗਰਸੀ ਆਗੂ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਅਤੇ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਪੰਜਾਬ ਦੇ ਲੋਕ ਬਦਲ ਵਜੋਂ ਦੇਖ ਰਹੇ ਹਨ ਅਤੇ ਆਉਂਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਇੱਕਜੁੱਟ ਹੋ ਕੇ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਪਾਰਟੀ ਦੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਚੱਲੇਗੀ। ਇਸ ਮੀਟਿੰਗ ਵਿੱਚ ਵਿਨੋਦ ਕੁਮਾਰ ਮੈਨੀ, ਹਰਦੇਵ ਸਿੰਘ, ਰਣਜੀਤ ਸਿੰਘ ਭੋਲੂਵਾਲਾ, ਗੁਰਸ਼ਵਿੰਦਰ ਸਿੰਘ, ਧਨਜੀਤ ਸਿੰਘ ਧਨੀ ਵਿਰਕ, ਗੁਰਤੇਜ ਸਿੰਘ ਤੇਜਾ ਪਹਿਲਵਾਨ, ਡਾ. ਜਗੀਰ ਸਿੰਘ, ਬਲਜੀਤ ਸਿੰਘ ਗੋਰਾ, ਪ੍ਰਕਾਸ਼ ਸਿੰਘ ਭੱਟੀ, ਡਬਲਜੀਤ ਸਿੰਘ ਧੋਸੀਂ ਆਦਿ ਨੇ ਵੀ ਆਪਣੇ ਵਿਚਾਰ ਰੱਖੇ।

