ਪੱਤਰ ਪ੍ਰੇਰਕ
ਬਠਿੰਡਾ, 25 ਅਕਤੂਬਰ
ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਕਾਨੂੰਨ 2020 ਦੇ ਖ਼ਿਲਾਫ਼ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਲਗਾਤਾਰ ਸੰਘਰਸ਼ ਦੇ ਸਮਰਥਨ ਵਿਚ “ਕਿਸਾਨ ਸੰਘਰਸ਼ ਸਮਰਥਨ ਕਮੇਟੀ” ਦੇ ਬੈਨਰ ਹੇਠ ਅੱਜ ਸ਼ਹਿਰ ਦੀਆਂ ਸ਼ਹਿਰੀ ਅਤੇ ਜਨਤਕ ਜਥੇਬੰਦੀਆਂ ਵੱਲੋਂ ਨੇਕੀ ਤੇ ਬਦੀ ਦੇ ਪ੍ਰਤੀਕ ਤਿਉਹਾਰ ਦਸਹਿਰੇ ਮੌਕੇ ਨਰਿੰਦਰ ਮੋਦੀ, ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀਆਂ ਦਾ ਦਿਓ ਕੱਦ ਪੁਤਲਾ ਫੂਕਿਆ ਗਿਆ। ਇਸ ਸਮੇਂ ਵੱਡੀ ਗਿਣਤੀ ਵਿਚ ਕਾਫ਼ਲੇ ਬੰਨਕੇ ਸ਼ਾਮਿਲ ਹੋਏ ਇਲਾਕੇ ਦੇ ਕਿਰਤੀ ਲੋਕਾਂ ਦੇ ਭਰਵੇਂ ਇਕੱਠ ਨੂੰ ਝੰਡਾ ਜੇਠੂਕੇ ਸੂਬਾ ਮੀਤ ਪ੍ਰਧਾਨ ਬੀਕੇਯੂ ਉਗਰਾਹਾ, ਨੌਜਵਾਨ ਭਾਰਤ ਸਭਾ ਦੇ ਬਲਕਰਨ ਸਿੰਘ ਮਾ.ਰੇਸ਼ਮ ਸਿੰਘ ਖੇਮੂਆਣਾ ਜ਼ਿਲ੍ਹਾ ਪ੍ਰਧਾਨ ਡੀ.ਟੀ.ਐਫ. ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਸਮੂਹ ਸ਼ਹਿਰੀਆਂ ਅਤੇ ਕਿਰਤੀ ਲੋਕਾਂ ਨੂੰ ਖੇਤੀ ਕਾਨੂੰਨਾਂ ਵਿਰੁੱਧ ਡਟਣ ਦਾ ਹੋਕਾ ਦਿੱਤਾ।
ਮਾਨਸਾ(ਪੱਤਰ ਪ੍ਰੇਰਕ): ਨਵੇਂ ਖੇਤੀ ਕਾਨੂੰਨਾਂ ਤੋਂ ਤਪੇ ਪਏ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਨੇ ਅੱਜ ਦੁਸਹਿਰੇ ਦੇ ਮੌਕੇ ਅੰਬਾਨੀ-ਅਡਾਨੀ ਅਤੇ ਨਰਿੰਦਰ ਮੋਦੀ ਦੀ ਤਿੱਕੜੀ ਦੇ ਵੱਡੇ-ਵੱਡੇ ਬੁੱਤ ਮਾਲਵਾ ਖੇਤਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਫੂਕੇ। ਇਸ ਵਾਰ ਪਹਿਲੀ ਵਾਰ ਦਸਹਿਰੇ ਦੇ ਕੌਮੀ ਤਿਉਹਾਰ ਦੀ ਥਾਂ ਬਦਲੇ ਹੋਏ ਰਵਾਇਤੀ ਰੰਗਾਂ ਦੌਰਾਨ ਸੰਘਰਸ਼ੀ ਤਰੀਕਿਆਂ ਨਾਲ ਲੋਕਾਂ ਨੇ ਕਾਰਪੋਰੇਟਰਾਂ, ਸਾਮਰਾਜੀਆਂ ਅਤੇ ਪ੍ਰਧਾਨ ਮੰਤਰੀ ਦੀ ਤਿੱਕੜੀ ਵਿਰੁੱਧ ਆਕਾਸ਼ ਗੂੰਜਵੇਂ ਨਾਅਰੇ ਲਗਾਏ। ਇਨ੍ਹਾਂ ਪੁਤਲਿਆਂ ਨੂੰ ਫੂਕਣ ਦੌਰਾਨ ਕਿਸਾਨਾਂ, ਖੇਤ ਮਜ਼ਦੂਰਾਂ, ਔਰਤਾਂ, ਨੌਜਵਾਨਾਂ, ਵਪਾਰੀਆਂ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਵੱਡੀ ਪੱਧਰ ’ਤੇ ਸ਼ਮੂਲੀਅਤ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਇਸ ਮੌਕੇ ਜੁੜੀ ਵੱਡੀ ਭੀੜ ਨੂੰ ਸੰਬੋਧਨ ਕੀਤਾ।
ਬਰਨਾਲਾ(ਖੇਤਰੀ ਪ੍ਰਤੀਨਿਧ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾਈ ਸੱਦੇ ‘ਤੇ ਅੱਜ ਸਥਾਨਕ ਕਾਲਾ ਮਾਹਰ ਖੇਡ ਸਟੇਡੀਅਮ ਵਿੱਚ ਵੱਡਾ ਇਕੱਠ ਕੀਤਾ ਗਿਆ ਤੇ ਮੋਦੀ, ਅਮਿਤ ਸ਼ਾਹ ਤੇ ਕਾਰਪੋਰੇਟ ਘਰਾਣਿਆਂ ਦੇ ਦਿਓ ਕੱਦ ਪੁਤਲੇ ਸਾੜ ਕੇ ‘ਦਸਹਿਰਾ’ ਮਨਾਇਆ ਗਿਆ। ਕੇਂਦਰੀ ਖੇਤੀ ਕਾਨੂੰਨਾਂ ਤੋਂ ਖਫ਼ਾ ਕਿਸਾਨਾਂ ਦਾ ਰੋਹ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਖੇਡ ਸਟੇਡੀਅਮ ਵਿੱਚ ਹੋਏ ਇਕੱਠ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਮੋਦੀ, ਸ਼ਾਹ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕਣ ਤੋਂ ਪਹਿਲਾਂ ਇਕੱਠ ਨੂੰ ਬੀਕੇਯੂ ਉਗਰਾਹਾਂ ਦੇ ਸੂਬਾਈ ਆਗੂ ਰੂਪ ਸਿੰਘ ਛੰਨਾ, ਜਰਨੈਲ ਸਿੰਘ ਬਦਰਾ ਤੇ ਚਮਕੌਰ ਸਿੰਘ ਨੈਣੇਵਾਲ ਨੇ ਸੰਬੋਧਨ ਕੀਤਾ।
ਸ੍ਰੀ ਮੁਕਤਸਰ ਸਾਹਿਬ(ਪੱਤਰ ਪ੍ਰੇਰਕ): ਕਿਸਾਨ ਅੰਦੋਲਨ ਦੇ ਚੱਲਦਿਆਂ ਕੀਤੇ ਗਏ ਐਲਾਨ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪੰਜਾਬ ਖੇਤ ਮਜ਼ਦੂਰ ਯੂਨੀਅਨ, ਡੀ. ਟੀ. ਐਫ., ਟੀ. ਐਸ. ਯੂ., ਪਟਵਾਰ ਯੂਨੀਅਨ ਤੇ ਹੋਰ ਕਈ ਜਥੇਬੰਦੀਆਂ ਨੇ ਦੁਸਹਿਰੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਸਾੜਿਆ।
ਤਲਵੰਡੀ ਸਾਬੋ(ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਵੱਲੋਂ ਦਸਹਿਰੇ ਮੌਕੇ ਇਥੇ ਟਰੈਕਟਰ ਮੰਡੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੰਬਾਨੀ ਤੇ ਅਡਾਨੀ ਦੇ ਦਿਓ ਕੱਦ ਪੁਤਲੇ ਫੂਕੇ ਗਏ। ਇਸ ਮੌਕੇ ਕਿਸਾਨ ਬੀਬੀਆਂ ਤੇ ਬੱਚੇ ਵੀ ਕਿਸਾਨ ਯੂਨੀਅਨ ਦੇ ਝੰਡੇ ਲੈ ਕੇ ਸ਼ਾਮਲ ਹੋਏ। ਪੁਤਲੇ ਫੂਕਣ ਤੋਂ ਪਹਿਲਾਂ ਇਕੱਠ ਨੂੰ ਭਾਕਿਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਸਮੁੱਚੇ ਕਿਸਾਨਾਂ ਨੂੰ ਸੰਘਰਸ਼ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ।
ਨਿਹਾਲ ਸਿੰਘ ਵਾਲਾ(ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਾਰੀ ਸੰਘਰਸ਼ ਨੂੰ ਤੇਜ਼ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਿਹਾਲ ਸਿੰਘ ਵਾਲਾ ਸਥਿਤ ਖੇਡ ਸਟੇਡੀਅਮ ਵਿੱਚ ਵੱਖ ਵੱਖ ਜਨਤਕ ਜਥੇਬੰਦੀਆਂ ਤੇ ਲੋਕਾਂ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਮਰਾਜੀ ਸ਼ਕਤੀਆਂ ਤੇ ਕਾਰਪੋਰਟ ਘਰਾਣਿਆਂ ਦੇ ਦਿਉਕੱਦ ਪੁਤਲੇ ਅਗਨ ਭੇਂਟ ਕੀਤੇ ਗਏ। ਇਸ ਮੌਕੇ ਜੁੜੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਆਦਿ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਬੱਧਨੀ ਕਲਾਂ ਦੀ ਅਨਾਜ ਮੰਡ ਤੇ ਬਿਲਾਸਪੁਰ ’ਚ ਕਿਸਾਨਾਂ ਵੱਲੋਂ ਹਰਭਜਨ ਭੱਟੀ ਦੀ ਅਗਵਾਈ ਹੇਠ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਗਏ। ਇਸੇ ਤਰ੍ਹਾਂ ਦੀਨਾ ਸਾਹਿਬ, ਪੱਤੋ ਹੀਰਾ ਸਿੰਘ ਆਦਿ ਪਿੰਡਾਂ ਵਿੱਚ ਵੀ ਪੁਤਲੇ ਫੂਕੇ ਗਏ।
ਬੁਢਲਾਡਾ(ਪੱਤਰ ਪ੍ਰੇਰਕ): ਇਥੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਸਹਿਰੇ ਦੇ ਤਿਉਹਾਰ ਮੌਕੇ ਰਾਵਣ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੰਬਾਨੀ ਅਤੇ ਅਡਾਨੀ ਦੇ ਪੁਤਲੇ ਫੂਕੇ ਗਏ। ਕਿਸਾਨਾਂ ਨੇ ਸ਼ਹਿਰ ਦੀ ਪੁਰਾਣੀ ਕਚਹਿਰੀ ਅੱਗੇ ਮੋਦੀ-ਅੰਬਾਨੀ-ਅਡਾਨੀ ਤਿੱਕੜੀ ਦੇ ਪੁਤਲੇ ਫੂਕੇ। ਇਸ ਮੌਕੇ ਵੱਖ-ਵੱਖ ਕਿਸਾਨ ਆਗੂਆਂ ਸਤਪਾਲ ਸਿੰਘ ਬਰ੍ਹੇ, ਪਰਸ਼ੋਤਮ ਸਿੰਘ ਗਿੱਲ, ਐਡਵੋਕੇਟ ਸਵਰਨਜੀਤ ਸਿੰਘ ਦਲਿਓ ਆਦਿ ਨੇ ਕਿਹਾ ਕਿ ਬਦੀ ਦੇ ਫੈਸਲੇ ਉੱਤੇ ਕਿਰਤੀ ਕਿਸਾਨਾਂ ਦੀ ਨੇਕੀ ਦੇ ਸੰਘਰਸ਼ ਦੀ ਜਿੱਤ ਹੋਵੇਗੀ।
ਭੁੱਚੋ ਮੰਡੀ(ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਨਥਾਣਾ ਦੀ ਅਗਵਾਈ ਹੇਠ ਕਿਸਾਨਾਂ ਨੇ ਦਸਹਿਰੇ ਮੌਕੇ ਮਿਉਂਸਿਪਲ ਪਾਰਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੰਬਾਨੀ ਅਤੇ ਅਡਾਨੀ ਦੇ ਪੁਤਲੇ ਫੂਕੇ। ਕਿਸਾਨਾਂ ਨੇ ਜੋਸ਼ੀਲੇ ਅੰਦਾਜ਼ ਵਿੱਚ ਮੋਦੀ ਸਰਕਾਰ ਖ਼ਿਲਾਫ਼ ਆਕਾਸ਼ ਗੂੰਜਵੇਂ ਨਾਅਰੇ ਲਗਾਏ। ਇਸ ਮੌਕੇ ਚੰਡੀਗੜ੍ਹ ਅਤੇ ਮੋਗਾ ਦੇ ਰੰਗਕਰਮੀਆਂ ਨੇ ਨਾਟਕ ‘ ਹਿੰਦੁਸਤਾਨ ਏ ਤਮਾਸ਼ਾ’ ਅਤੇ ‘ਡਰਨਾ’ ਪੇਸ਼ ਕੀਤਾ। ਇਸੇ ਤਰ੍ਹਾਂ ਕਿਸਾਨ ਔਰਤਾਂ ਵੱਲੋਂ ਰਿਲਾਇੰਸ ਪੰਪ ਅੱਗੇ ਲਾਏ ਮੋਰਚੇ ਵਿੱਚ ਨਰਿੰਦਰ ਮੋਦੀ, ਅੰਬਾਨੀ ਅਤੇ ਅਡਾਨੀ ਦੇ ਪੁਤਲੇ ਫੂਕੇ ਗਏ। ਔਰਤਾਂ ਨੇ ਇਸ ਮੌਕੇ ਮੋਦੀ ਸਰਕਾਰ ਅਤੇ ਪੂੰਜੀਪਤੀਆਂ ਦਾ ਪਿੱਟ ਸਿਆਪਾ ਕੀਤਾ।
ਦੁਸਹਿਰੇ ’ਤੇ ਚੜਿ੍ਹਆ ਕਿਸਾਨੀ ਅੰਦੋਲਨ ਦਾ ਹਰਾ ਰੰਗ
ਬੁਢਲਾਡਾ(ਐਨਪੀ ਸਿੰਘ): ਇਥੇ ਅੱਜ ਦਸਹਿਰੇ ਮੌਕੇ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿਲ 2020 ਖ਼ਿਲਾਫ਼ ਤੁਰੇ ਆ ਰਹੇ ਕਿਸਾਨੀ ਅੰਦੋਲਨ ਦਾ ਹਰਾ ਰੰਗ ਦਸਹਿਰੇ ਦੇ ਰੰਗਾਂ ’ਚ ਬਿੱਖਰ ਕੇ ਰਹਿ ਗਿਆ। ਏਕਤਾ ਉਗਰਾਹਾਂ ਕਿਸਾਨ ਜੱਥੇਬੰਦੀ ਵੱਲੋਂ ਕਾਰਪੋਰੇਟਾਂ ਤੇ ਭਾਜਪਾ ਦੀ ਤਿੱਕੜੀ ਦਾ ਇੱਕ ਸਾਂਝਾ ਦਿਓਕੱਦ ਰਾਵਣ ਸ਼ਹਿਰ ਦੀ ਅੰਦਰਲੀ ਅਨਾਜ ਮੰਡੀ ਵਿੱਚ ਫੂਕਿਆ ਗਿਆ। ਅੱਜ ਦੇ ਇਕੱਠ ਵਿੱਚ ਪੇਂਡੂ ਔਰਤਾਂ ਤੇ ਨੌਜਵਾਨਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਯੂਨੀਅਨ ਦੇ ਬਲਾਕ ਪ੍ਰਧਾਨ ਜੁਗਿੰਦਰ ਸਿੰਘ ਦਿਆਲਪੁਰਾ, ਮੇਵਾ ਸਿੰਘ ਖੁਡਾਲ ਕਲਾਂ ਅਤੇ ਪੱਲੇਦਾਰ ਯੂਨੀਅਨ ਆਗੂ ਸੁਖਦੇਵ ਮੰਡੇਰ ਨੇ ਇਸ ਮੌਕੇ ਇਕੱਠ ਨੂੰ ਸੰਬੋਧਨ ਕੀਤਾ। ਧਰਨੇ ਵਿੱਚ ਲੋਕਗਾਇਕ ਸ਼ਮਸ਼ੇਰ ਗਿੱਲ ਨੇ ਇਨਕਲਾਬੀ ਗੀਤ ਵੀ ਪੇਸ਼ ਕੀਤੇ।
ਬਰਨਾਲਾ ’ਚ ਮੋਦੀ ਤੇ ਕਾਰਪੋਰੇਟਾਂ ਖ਼ਿਲਾਫ਼ ਰੋਸ ਮਾਰਚ
ਬਰਨਾਲਾ(ਪਰਸ਼ੋਤਮ ਬੱਲੀ): ਮੋਦੀ ਸਰਕਾਰ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਕੋਰੀ ਨਾਂਹ ਤੋਂ ਅੰਦੋਲਨਕਾਰੀ ਕਿਸਾਨ ਹੋਰ ਭੜਕ ਗਏ ਹਨ। ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਡਟੇ ਮੋਰਚੇ ’ਚ ਸ਼ਮਿਲ ਜਥੇਬੰਦੀਆਂ ਨੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਹਿਟਲਰੀ ਫੁਰਮਾਨ ਆਖਦਿਆਂ, ਇਨ੍ਹਾਂ ਨੂੰ ਨਕਾਰਦਿਆਂ ਸ਼ਹਿਰ ਦੀਆਂ ਸੜਕਾਂ ’ਤੇ ਮੋਦੀ ਤੇ ਕਾਰਪੋਰੇਟਾਂ ਦੇ ਆਕਾਸ਼ ਗੁੰਜਾਊ ਨਾਅਰੇ ਲਾਇਆ ਤੇ ਰੋਸ ਮਾਰਚ ਕੀਤਾ। ਬੀਕੇਯੂ ਡਕੌਂਦਾ ਦੇ ਦਰਸ਼ਨ ਉਗੋਕੇ, ਬਲਵੰਤ ਉਪਲੀ, ਭਾਕਿਯੂ ਸਿੱਧੂਪੁਰ ਦੇ ਨਛੱਤਰ ਸਹੌਰ, ਕਾਦੀਆਂ ਦੇ ਜਗਸੀਰ ਸਿੰਘ ਸੀਰਾ, ਰਾਜੇਵਾਲ ਦੇ ਗਿਆਨੀ ਨਿਰਭੈ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪਵਿੱਤਰ ਲਾਲੀ, ਕੁੱਲ ਹਿੰਦ ਕਿਸਾਨ ਸਭਾ (ਸਾਂਬਰ) ਦੇ ਉਜਾਗਰ ਬੀਹਲਾ, ਕੁੱਲ ਹਿੰਦ ਕਿਸਾਨ ਸਭਾ ਦੇ ਮਾ. ਨਿਰੰਜਣ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਸੰਘਰਸ਼ ਨੂੰ ਲੀਹੋਂ ਲਾਹੁਣ ਦੀਆਂ ਕੋਝੀਆਂ ਚਾਲਾਂ ਨੂੰ ਉਹ ਸਫ਼ਲ ਨਹੀਂ ਹੋਣ ਦਣਗੇ।
ਮੋਦੀ ਤੇ ਕਾਰਪੋਰੇਟਾਂ ਦੀ ਅਰਥੀ ਘੜੀਸ ਕੇ ਕੂੜੇ ਵਿੱਚ ਸੁੱਟੀ
ਮੋਗਾ(ਮਹਿੰਦਰ ਸਿੰਘ ਰੱਤੀਆਂ): ਕੇਂਦਰ ਵੱਲੋਂ ਲਿਆਂਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਰੋਹ ’ਚ ਆਏ ਕਿਸਾਨਾਂ ਨੇ ਅੱਜ ਨਿਵੇਕਲਾ ਦੁਸਹਿਰਾ ਮਨਾਇਆ। ਇਥੇ ਰੇਲਵੇ ਸਟੇਸ਼ਨ ਉੱਤੇ ਪ੍ਰਧਾਨ ਮੰਤਰੀ ਮੋਦੀ ਦੀ ਅਰਥੀ ’ਤੇ ਕਾਰਪੋਰੇਟ ਘਰਾਣਿਆਂ ਦੀਆਂ ਤਸਵੀਰਾਂ ਲਾਈਆਂ ਗਈਆਂ ਤੇ ਮਗਰੋਂ ਉਸ ਨੂੰ ਟਰੈਕਟਰ ਨਾਲ ਬਾਜ਼ਾਰਾਂ ਵਿੱਚ ਘੜੀਸਿਆ ਗਿਆ ਤੇ ਬਾਅਦ ਵਿੱਚ ਕੂੜੇ ਵਿੱਚ ਸੁੱਟ ਦਿੱਤਾ ਗਿਆ। ਕਿਸਾਨ ਆਗੂਆਂ ਸੁਖਜਿੰਦਰ ਸਿੰਘ ਖੋਸਾ, ਸੂਰਤ ਸਿੰਘ ਧਰਮਕੋਟ, ਬਲਵੰਤ ਸਿੰਘ ਬ੍ਰਹਮਕੇ ਆਦਿ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਨੂੰ ਲੋਕਾਂ ਦੀ ਚਿੰਤਾ ਨਹੀਂ ਤਾਂ ਉਨ੍ਹਾਂ ਨੇ ਵੀ ਮੋਦੀ ਦੀ ਅਰਥੀ ਲਾਵਾਰਸ ਵਾਂਗ ਸੁੱਟ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਖਦੇਵ ਸਿੰਘ ਕੋਕਰੀ ਅਤੇ ਬਲੌਰ ਸਿੰਘ ਘਾਲੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ।