ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਅਧੂਰਾ ਕਰਾਰ : The Tribune India

ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਅਧੂਰਾ ਕਰਾਰ

ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਅਧੂਰਾ ਕਰਾਰ

ਖੇਤਰੀ ਪ੍ਰਤੀਨਿਧ

ਬਰਨਾਲਾ,24 ਨਵੰਬਰ

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਲਾਗੂ ਕਰਨ ਸਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਜਿੱਥੇ ਐੱਨ.ਪੀ.ਐੱਸ ਮੁਲਾਜ਼ਮਾਂ ਦੇ ਸੰਘਰਸ਼ ਦੀ ਅਹਿਮ ਪ੍ਰਾਪਤੀ ਕਰਾਰ ਦਿੱਤਾ ਹੈ, ਉੱਥੇ ਹੀ ਇਸ ਨੂੰ ਅਧੂਰਾ ਆਖਦਿਆਂ ਤਰੁੱਟੀਆਂ ਦੂਰ ਕਰਕੇ ਪੂਰਾ ਕਰਕੇ ਲਾਗੂ ਕਰਨ ਦੀ ਮੰਗ ਕੀਤੀ ਹੈ। ਫਰੰਟ ਦੇ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ, ਜ਼ਿਲ੍ਹਾ ਕਨਵੀਨਰ ਰਮਨਦੀਪ, ਜਰਨਲ ਸਕੱਤਰ ਅੰਮ੍ਰਿਤ ਹਰੀਗੜ੍ਹ ਅਤੇ ਜ਼ਿਲ੍ਹਾ ਕੋ-ਕਨਵੀਨਰ ਨਿਰਮਲ ਪੱਖੋ ਕਲਾਂ ਨੇ ਕਿਹਾ ਕਿ ਪੈਨਸ਼ਨ ਸਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਕੇਵਲ ਪੁਰਾਣੀ ਪੈਨਸ਼ਨ ਦੇ ਲਾਭ ਦੇਣ ਦਾ ਜ਼ਿਕਰ ਕਰਕੇ ਬਾਕੀ ਸ਼ਰਤਾਂ ਅਤੇ ਢੰਗ ਪ੍ਰਣਾਲੀ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ। ਉਨ੍ਹਾਂ ‘ਆਪ’ ਸਰਕਾਰ ਤੋਂ ਨਵੀਂ ਪੈਨਸ਼ਨ ਸਕੀਮ ਨੂੰ ਮੁਕੰਮਲ ਰੂਪ ਵਿੱਚ ਵਾਪਸ ਲੈਣ ਅਤੇ ਪੈਨਸ਼ਨ ਐਕਟ-1972 ਆਧਾਰਤ ਪੁਰਾਣੀ ਪੈਨਸ਼ਨ ਦੇ ਸਮੁੱਚੇ ਲਾਭਾਂ ਦੀ ਗਾਰੰਟੀ ਕਰਦਾ ਸਪਸ਼ਟ ਅਤੇ ਸਮਾਂਬੱਧ ਵਿਧੀ ਵਿਧਾਨ ਇੱਕ ਸਾਮਾਨ ਰੂਪ ਵਿੱਚ ਜਾਰੀ ਕਰਨ ਦੀ ਮੰਗ ਕੀਤੀ ਹੈ। ਪੀ.ਪੀ.ਪੀ.ਫਰੰਟ ਦੇ ਜ਼ੋਨਲ ਕਨਵੀਨਰ ਜਸਵੀਰ ਭੰਮਾ, ਜ਼ਿਲ੍ਹਾ ਵਿੱਤ ਸਕੱਤਰ ਪੁਨੀਤ ਤਪਾ, ਸੂਬਾ ਸਲਾਹਕਾਰ ਵਿਕਰਮ ਨੇ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੇ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਲਗਪਗ 17000 ਕਰੋੜ ਰੁਪਏ ਦੀ ਜਮਾਂ ਰਾਸ਼ੀ ਨੂੰ ਕੇਂਦਰ ਸਰਕਾਰ ਤੋਂ ਵਾਪਸ ਲੈਣਾ, ਸਮੂਹ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਤੇ ਜਨਤਕ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਘੇਰੇ ਵਿੱਚ ਲਿਆਉਣ, 2004 ਤੋਂ ਮਗਰੋਂ ਰਿਟਾਇਰ ਹੋ ਚੁੱਕੇ ਮੁਲਾਜ਼ਮਾਂ ਨੂੰ ਵੀ ਪੁਰਾਣੀ ਪੈਨਸ਼ਨ ਦਾ ਲਾਭ ਦੇਣਾ ਯਕੀਨੀ ਬਣਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All