Aam Aadmi Clinic Staff Strike: ਹੁਣ ਮੁਹੱਲਾ ਕਲੀਨਿਕ ਸਟਾਫ ਹੜਤਾਲ ’ਤੇ
ਸਿਹਤ ਸੇਵਾਵਾਂ ਠੱਪ ਰਹੀਆਂ; ਲੋਕ ਖੱਜਲ-ਖ਼ੁਆਰ ਹੋਏ
ਆਮ ਆਦਮੀ ਕਲੀਨਿਕ ਸਾਂਝਾ ਫਰੰਟ ਪੰਜਾਬ ਦੇ ਬੈਨਰ ਹੇਠ ਸੇਵਾਵਾਂ ਨਿਭਾ ਰਹੇ ਮੈਡੀਕਲ ਸਟਾਫ਼ ਨੇ ਆਪਣੀਆਂ ਤਿੰਨ ਮੁੱਖ ਮੰਗਾਂ ਲਈ ਸਰਕਾਰੀ ਸ਼ਹੀਦ ਮਨੀ ਸਿੰਘ ਹਸਪਤਾਲ ਵਿੱਚ ਸਿਵਲ ਦਫ਼ਤਰ ਅੱਗੇ ਧਰਨਾ ਦਿੱਤਾ। ਬੁਲਾਰਿਆਂ ਭੁਪਿੰਦਰ ਸਿੰਘ, ਨਵਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਨੇ ਮੰਗ ਕੀਤੀ ਕਿ ਕਰਮਚਾਰੀਆਂ ਲਈ ਨੌਕਰੀ ਦੀ ਸੁਰੱਖਿਆ ਦੀ ਸਥਿਰ ਨੀਤੀ ਬਣਾਈ ਜਾਵੇ। ਉਨ੍ਹਾਂ ਨੂੰ ਹਰ ਸਾਲ 15 ਦਿਨ ਕੈਜ਼ੁਅਲ ਅਤੇ 15 ਦਿਨ ਮੈਡੀਕਲ ਲੀਵ ਦਾ ਹੱਕ ਦਿੱਤਾ ਜਾਵੇ ਅਤੇ ਮਰੀਜ਼ਾਂ ਦੀ ਗਿਣਤੀ ਅਨੁਸਾਰ ਇਨਸੈਂਟਿਵ ਵਧਾਇਆ ਜਾਵੇ। ਸਟਾਫ਼ ਮੈਂਬਰਾਂ ਨੇ ਸਿਵਲ ਸਰਜਨ ਨੂੰ ਮੰਗ ਪੱਤਰ ਦਿੱਤਾ।
ਬਰਨਾਲਾ (ਪਰਸ਼ੋਤਮ ਬੱਲੀ): ਜ਼ਿਲ੍ਹਾ ਬਰਨਾਲਾ ਦੇ ਸਮੂਹ ਆਮ ਆਦਮੀ ਕਲੀਨਿਕਾਂ ਵਿੱਚ ਐਮਪੈਨਲਮੈਂਟ ਪ੍ਰਣਾਲੀ ਅਧੀਨ ਕੰਮ ਕਰਦੇ ਡਾਕਟਰਾਂ/ਕਾਮਿਆਂ ਵੱਲੋਂ ਅੱਜ ਸਾਂਝਾ ਫਰੰਟ ਆਮ ਆਦਮੀ ਕਲੀਨਿਕ ਸਟਾਫ਼ ਯੂਨੀਅਨ ਦੀ ਅਗਵਾਈ ਹੇਠ ਹੜਤਾਲ ਕੀਤੀ ਗਈ। ਇਸ ਦੌਰਾਨ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਗਿਆ। ਓ ਪੀ ਡੀ ਸੇਵਾਵਾਂ ਬੰਦ ਰਹਿਣ ਕਾਰਨ ਮਰੀਜ਼ਾਂ ਨੂੰ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ। ਆਮ ਆਦਮੀ ਕਲੀਨਿਕ ਸਾਂਝਾ ਫਰੰਟ ’ਚ ਸ਼ਾਮਲ ਜ਼ਿਲ੍ਹਾ ਮੈਡੀਕਲ ਅਫ਼ਸਰ ਪ੍ਰਧਾਨ ਡਾ. ਲਵਿਸ਼ ਬਰਨਾਲਾ, ਫਾਰਮਾਸਿਸਟ ਪ੍ਰਧਾਨ ਰੌਬਿਨ ਬਰਨਾਲਾ ਤੇ ਸਹਾਇਕ ਸਟਾਫ਼ ਪ੍ਰਧਾਨ ਰਾਜਵੀਰ ਸਿੱਧੂ ਨੇ ਕਿਹਾ ਕਿ 27 ਜੁਲਾਈ ਦੀ ਹੜਤਾਲ ਸਮੇਂ ਸਰਕਾਰ ਤੇ ਵਿਭਾਗੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਮੌਕੇ ਤਿੰਨ ਮੰਗਾਂ ’ਤੇ ਸਹਿਮਤੀ ਬਣੀ ਸੀ। ਸਾਂਝਾ ਫਰੰਟ ਦੀਆਂ ਤਿੰਨ ਮੁੱਖ ਮੰਗਾਂ ਇਨ੍ਹਾਂ ਕਾਮਿਆਂ ਨੂੰ ਕੈਜ਼ੂਅਲ ਲੀਵ ਦੇ ਨਾਲ ਮੈਡੀਕਲ ਲੀਵ ਦਿੱਤੀ ਜਾਵੇ, ਨੌਕਰੀ ਦੀ ਸੁਰੱਖਿਆ ਦਿੱਤੀ ਜਾਵੇ ਅਤੇ ਮੌਜੂਦਾ ਐਮਪੈਨਲਮੈਂਟ ਪ੍ਰਣਾਲੀ ਨੂੰ ਖਤਮ ਕਰਕੇ ਕਰਮਚਾਰੀਆਂ ਨੂੰ ਸਿੱਧਾ ਵਿਭਾਗੀ ਸਿਹਤ ਸੇਵਾਵਾਂ ਦੇ ਅਧੀਨ ਠੇਕੇ ’ਤੇ ਲਿਆਂਦਾ ਜਾਵੇ, ਹਨ। ਫਰੰਟ ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਵੱਲੋਂ ਇਨ੍ਹਾਂ ਮੰਗਾਂ ’ਤੇ ਸਹਿਮਤੀ ਬਣਨ ਦੇ ਬਾਵਜੂਦ ਮਹੀਨਾ ਬੀਤਣ ਦੇ ਬਾਵਜੂਦ ਅਜੇ ਤੱਕ ਇਨ੍ਹਾਂ ਵਿੱਚੋਂ ਕੋਈ ਵੀ ਮੰਗ ਜ਼ਮੀਨੀ ਪੱਧਰ ’ਤੇ ਲਾਗੂ ਨਹੀਂ ਕੀਤੀ ਗਈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮੰਗਾਂ ਦੀ ਪੂਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਹੜਤਾਲ ਜਾਰੀ ਰਹੇਗੀ ਅਤੇ ਓ ਪੀ ਡੀ ਸੇਵਾਵਾਂ ਬੰਦ ਰਹਿਣਗੀਆਂ। ਇਸ ਮੌਕੇ ਭਰਾਤਰੀ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਤਰਸੇਮ ਸਿੰਘ ਭੱਠਲ, ਇਨਕਲਾਬੀ ਕੇਂਦਰ ਦੇ ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਪਾਲ ਤੇ ਦਿ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਦੇ ਰਮੇਸ਼ ਕੁਮਾਰ ਹਮਦਰਦ ਨੇ ਵੀ ਸ਼ਿਰਕਤ ਕੀਤੀ।
ਫਿਰੋਜ਼ਪੁਰ (ਜਸਪਾਲ ਸਿੰਘ ਸੰਧੂ): ਸਾਂਝਾ ਫਰੰਟ ਆਮ ਆਦਮੀ ਕਲੀਨਿਕ ਦੀ ਮੀਟਿੰਗ ਹੋਈ, ਜਿਸ ਵਿੱਚ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਮੰਨੀਆਂ ਗਈਆਂ ਮੰਗਾਂ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਾਂਝਾ ਫਰੰਟ ਨੇ ਸਰਕਾਰ ਅਤੇ ਸਿਹਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਪਹਿਲਾਂ ਹੋਈ ਸਹਿਮਤੀ ਅਨੁਸਾਰ ਇਨ੍ਹਾਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਫਰੰਟ ਮੁਲਾਜ਼ਮਾਂ ਐਲਾਨ ਕੀਤਾ ਕਿ 27 ਅਗਸਤ ਨੂੰ ਸੀਐੱਚਓ ਯੂਨੀਅਨ, ਆਊਟਸੋਰਸਿੰਗ ਯੂਨੀਅਨ, ਫਾਰਮਾਸਿਸਟ ਐਸੋਸੀਏਸ਼ਨ ਅਤੇ ਹੋਰ ਰੈਗੂਲਰ ਯੂਨੀਅਨਾਂ ਵੱਲੋਂ ਕੀਤੇ ਜਾਣ ਵਾਲੇ ਪੰਜਾਬ ਬੰਦ ਦੀ ਸਾਂਝਾ ਫਰੰਟ ਆਮ ਆਦਮੀ ਕਲੀਨਿਕ ਪੰਜਾਬ ਵੱਲੋਂ ਪੂਰਨ ਹਮਾਇਤ ਕੀਤੀ ਜਾਵੇਗੀ।
ਮਲਟੀਪਰਪਜ਼ ਵਰਕਰਾਂ ਵੱਲੋਂ ਪੰਜਾਬ ਬੰਦ ਦਾ ਸਮਰਥਨ
ਫਿਰੋਜ਼ਪੁਰ (ਪੱਤਰ ਪ੍ਰੇਰਕ): ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ’ਤੇ ਮਲਟੀਪਰਪਜ਼ ਹੈਲਥ ਐਂਪਲਾਈਜ਼ ਯੂਨੀਅਨ ਨੇ 27 ਅਗਸਤ ਦੇ ਮੁਕੰਮਲ ਬੰਦ ਦਾ ਪੂਰਨ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਆਗੂਆਂ ਗੁਰਪ੍ਰੀਤ ਸਿੰਘ ਮੰਗਵਾਲ, ਸੁਖਜਿੰਦਰ ਸਿੰਘ ਫ਼ਾਜ਼ਿਲਕਾ ਅਤੇ ਮਨਜੀਤ ਕੌਰ ਬਾਜਵਾ ਨੇ ਕਿਹਾ ਕਿ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਸਿਹਤ ਵਿਭਾਗ ਦੇ ਸਮੁੱਚੇ ਕਰਮਚਾਰੀ ਸਮੂਹਿਕ ਛੁੱਟੀ ’ਤੇ ਰਹਿਣਗੇ। ਇਸ ਨਾਲ ਸਰਕਾਰੀ ਦਫ਼ਤਰਾਂ ਅਤੇ ਫੀਲਡ ਵਿੱਚ ਕੰਮ-ਕਾਜ ਪੂਰੀ ਤਰ੍ਹਾਂ ਬੰਦ ਰਹੇਗਾ। ਇਸ ਮੌਕੇ ਹਰਵਿੰਦਰ ਸਿੰਘ ਛੀਨਾ ਅਤੇ ਨਰਿੰਦਰ ਸ਼ਰਮਾ ਸਮੇਤ ਕਈ ਜ਼ਿਲ੍ਹਾ ਆਗੂਆਂ ਨੇ ਵੀ ਇਸ ਹੜਤਾਲ ਵਿੱਚ ਸਰਗਰਮ ਸ਼ਮੂਲੀਅਤ ਦਾ ਭਰੋਸਾ ਦਿੱਤਾ ਹੈ।

