ਕੜਾਕੇ ਦੀ ਠੰਢ ਨੇ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਬਠਿੰਡਾ ਵਿੱਚ ਅੱਜ ਘੱਟੋ ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਵੱਧ ਤੋਂ ਵੱਧ ਤਾਪਮਾਨ 10.6 ਡਿਗਰੀ ਰਿਹਾ। ਦਿਨ ਭਰ ਸੂਰਜ ਦੇ ਦਰਸ਼ਨ ਨਾ ਹੋਣ ਕਾਰਨ ਠੰਢ ਦਾ ਅਸਰ ਹੋਰ ਵੀ ਵਧ ਗਿਆ। ਠੰਢ ਕਾਰਨ ਮੁੱਖ ਸੜਕਾਂ ’ਤੇ ਆਵਾਜਾਈ ਦੀ ਰਫ਼ਤਾਰ ਸੁਸਤ ਰਹੀ। ਰੇਲਵੇ ਖੇਤਰ ਅਤੇ ਹੋਰ ਥਾਵਾਂ ’ਤੇ ਸਾਧੂ ਕਿਸਮ ਦੇ ਲੋਕਾਂ ਸਮੇਤ ਕਈ ਬੇਘਰ ਵਿਅਕਤੀ ਹੱਡ-ਚੀਰਵੀਂ ਠੰਢ ਵਿੱਚ ਰਾਤਾਂ ਗੁਜ਼ਾਰ ਰਹੇ ਹਨ। ਹਾਲਾਂਕਿ, ਨਗਰ ਨਿਗਮ ਬਠਿੰਡਾ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਰੈਣ-ਬਸੇਰੇ ਅਤੇ ਰਹਿਣ ਲਈ ਅਸਥਾਈ ਪ੍ਰਬੰਧ ਕੀਤੇ ਗਏ ਹਨ, ਪਰ ਕਈ ਬੇਘਰ ਲੋਕ ਅਜੇ ਵੀ ਇਨ੍ਹਾਂ ਸਹੂਲਤਾਂ ਤੋਂ ਵਾਂਝੇ ਹਨ। ਦੂਜੇ ਪਾਸੇ, ਖੇਤੀਬਾੜੀ ਮਾਹਿਰਾਂ ਮੁਤਾਬਕ ਮੌਜੂਦਾ ਠੰਢਾ ਮੌਸਮ ਅਤੇ ਵਧੀ ਹੋਈ ਨਮੀ ਕਣਕ ਦੀ ਫ਼ਸਲ ਲਈ ਲਾਹੇਵੰਦ ਮੰਨੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਮੌਸਮ ਕਣਕ ਦੇ ਵਾਧੇ ਲਈ ਮਦਦਗਾਰ ਹੁੰਦਾ ਹੈ । ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਤੱਕ ਠੰਢ ਅਤੇ ਧੁੰਦ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਹੈ।
ਬੇਘਰਿਆਂ ਲਈ ਰੈਣ-ਬਸੇਰਾ ਬਣਾਇਆ
ਮੋਗਾ (ਮਹਿੰਦਰ ਸਿੰਘ ਰੱਤੀਆਂ): ਕੜਾਕੇ ਦੀ ਠੰਢ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਥੇ ਪ੍ਰਸ਼ਾਸਨ ਨੇ ਬੇਘਰੇ ਲੋਕਾਂ ਤੇ ਯਾਤਰੀਆਂ ਲਈ ਵਿਸ਼ੇਸ਼ ਨਹਿਰੂ ਪਾਰਕ ਰੋਡ ’ਤੇ ਨਾਈਟ ਸ਼ੈਲਟਰ (ਰੈਣ-ਬਸੇਰਾ) ਸਥਾਪਤ ਕੀਤਾ ਹੈ। ਨਗਰ ਨਿਗਮ ਦੀ ਟੀਮ ਰਾਤ ਨੂੰ ਗਸ਼ਤ ਕਰੇਗੀ ਅਤੇ ਠੰਢ ’ਚ ਸੁੱਤੇ ਲੋਕਾਂ ਨੂੰ ਗੱਡੀ ’ਚ ਨਾਇਟ ਸ਼ੈਲਟਰ ’ਚ ਲੈ ਕੇ ਜਾਵੇਗੀ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਅਤੇ ਨਿਗਮ ਕਮਿਸ਼ਨਰ ਜਸਪਿੰਦਰ ਸਿੰਘ ਨੇ ਦੱਸਿਆ ਕਿ ਨਿਗਮ ਵੱਲੋਂ ਨਾਈਟ ਸ਼ੈਲਟਰ ਸਥਾਪਤ ਕੀਤਾ ਗਿਆ ਹੈ ਜਿਥੇ ਬੇਘਰੇ ਲੋਕਾਂ ਅਤੇ ਯਾਤਰੀਆਂ ਲਈ ਸਰਦੀ ਦੇ ਮੌਸਮ ਅਨੁਸਾਰ ਖਾਸ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਜੇਕਰ ਸਰਦੀ ਦੇ ਮੌਸਮ ਵਿੱਚ ਕੋਈ ਖੁੱਲ੍ਹੇ ਅਸਮਾਨ ਹੇਠ ਸੁੱਤਾ ਹੈ ਤਾਂ ਉਸਨੂੰ ਨਾਈਟ ਸ਼ੈਲਟਰ ਵਿੱਚ ਪਹੁੰਚਾਇਆ ਜਾਵੇ।

