No Paddy Arrives in Most Malwa Mandis: ਮੰਡੀਆਂ ’ਚ ਪਹਿਲੇ ਦਿਨ ਝੋਨਾ ਨਾ ਪੁੱਜਾ
ਮੌਸਮੀ ਤਬਦੀਲੀ ਕਾਰਨ ਵਾਢੀ ਦਾ ਕੰਮ ਪਛਡ਼ਿਆ; ਮਜ਼ਦੂਰ ਵਿਹਲੇ ਘਰਾਂ ਨੂੰ ਮੁਡ਼ੇ
ਸਰਕਾਰੀ ਤੌਰ ’ਤੇ ਪੰਜਾਬ ਵਿੱਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਬਾਕਾਇਦਾ ਖ਼ਰੀਦ ਅੱਜ ਸ਼ੁਰੂ ਹੋ ਗਈ ਹੈ, ਪਰ ਮਾਲਵਾ ਖੇਤਰ ਦੀਆਂ ਅਨਾਜ ਮੰਡੀਆਂ ਵਿੱਚ ਮੰਡੀ ਬੋਰਡ ਦੇ ਰਿਕਾਰਡ ਅਨੁਸਾਰ ਪਹਿਲੇ ਦਿਨ ਸਾਉਣੀ ਦੀ ਇਸ ਮੁੱਖ ਜਿਣਸ ਦਾ ਇੱਕ ਵੀ ਦਾਣਾ ਵਿਕਣ ਲਈ ਨਹੀਂ ਆਇਆ। ਕੁੱਝ ਸਮਾਂ ਪਹਿਲਾਂ ਮੌਸਮ ਵਿੱਚ ਆਈ ਤਬਦੀਲੀ ਕਾਰਨ ਝੋਨੇ ਦੀ ਵਾਢੀ ਦਾ ਕਾਰਜ ਲੇਟ ਹੋਣ ਲੱਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮਾਲਵਾ ਖੇਤਰ ਦੀਆਂ ਬਹੁਤੀਆਂ ਅਨਾਜ ਮੰਡੀਆਂ ਵਿੱਚ ਝੋਨਾ ਨਹੀਂ ਆਇਆ ਹੈ।
ਜਾਣਕਾਰੀ ਅਨੁਸਾਰ ਮਾਨਸਾ, ਬਠਿੰਡਾ, ਬਰਨਾਲਾ, ਫ਼ਰੀਦਕੋਟ, ਮੋਗਾ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਝੋਨੇ ਦੀ ਫ਼ਸਲ ਦੀ ਬੋਲੀ ਨਹੀਂ ਲੱਗ ਸਕੀ ਅਤੇ ਨਾ ਹੀ ਇਨ੍ਹਾਂ ਜ਼ਿਲ੍ਹਿਆਂ ’ਚ ਇੱਕਾ-ਦੁੱਕਾ ਥਾਵਾਂ ਨੂੰ ਛੱਡ ਕੇ ਕਿਤੇ ਝੋਨਾ ਵਿਕਣ ਲਈ ਪੁੱਜਿਆ ਹੈ। ਹਾਲਾਂਕਿ ਮਾਲਵਾ ਖੇਤਰ ਵਿੱਚ 1509 ਬਾਸਮਤੀ ਕਈ ਦਿਨਾਂ ਤੋਂ ਲਗਾਤਾਰ ਵਿਕਣ ਲਈ ਆ ਰਹੀ ਹੈ। ਇਸ ਮੌਕੇ ਜ਼ਿਲ੍ਹਾ ਖੇਤੀਬਾੜੀ ਅਫਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਇਸ ਵਾਰ ਲਗਭਗ 132 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਕੀਤੀ ਗਈ ਹੈ, ਜਿਸ ਤੋਂ ਤਕਰੀਬਨ ਦਸ ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਝੋਨੇ ਦੀ ਫ਼ਸਲ ਪੱਕ ਕੇ ਬਿਲਕੁਲ ਤਿਆਰ ਖੜ੍ਹੀ ਹੈ ਅਤੇ ਹਫ਼ਤੇ ਤੱਕ ਇਸ ਦੀ ਵਾਢੀ ਦਾ ਕਾਰਜ ਬਾਕਾਇਦਾ ਸ਼ੁਰੂ ਹੋ ਜਾਵੇਗਾ।
ਪੰਜਾਬ ਮੰਡੀ ਬੋਰਡ ਦੇ ਮਾਨਸਾ ਸਥਿਤ ਉਪ ਜ਼ਿਲ੍ਹਾ ਮੰਡੀ ਅਫ਼ਸਰ ਜੈ ਸਿੰਘ ਸਿੱਧੂ ਨੇ ਦੱਸਿਆ ਕਿ ਝੋਨੇ ਦੀ ਆਮਦ ਨੂੰ ਮੱਦੇਨਜ਼ਰ ਬਾਰਦਾਨੇ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਮੰਡੀਆਂ ’ਚ ਫੀਲਡ ਸਟਾਫ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਸਮੇਤ ਇਲਾਕੇ ਦੀਆਂ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਦੀ ਵੱਡੀ ਪੱਧਰ ’ਤੇ ਸਫ਼ਾਈ ਕਰਵਾਈ ਗਈ ਹੈ ਅਤੇ ਕਿਸਾਨਾਂ ਨੂੰ ਕੋਈ ਤਕਲੀਫ਼ ਨਹੀਂ ਆਉਣ ਦਿੱਤੀ ਜਾਵੇਗੀ। ਦੂਜੇ ਪਾਸੇ, ਮਾਨਸਾ ਜ਼ਿਲ੍ਹੇ ਦੀਆਂ ਕਈ ਵੱਡੀਆਂ ਮੰਡੀਆਂ ਵਿੱਚ ਅੱਜ ਮਜ਼ਦੂਰ ਵੀ ਝੋਨੇ ਦੀ ਉਡੀਕ ਕਰਦੇ ਦੇਖੇ ਗਏ, ਪਰ ਸ਼ਾਮ ਤੱਕ ਮੰਡੀਆਂ ਵਿੱਚ ਝੋਨਾ ਨਾ ਆਉਣ ਕਾਰਨ ਉਹ ਵਿਹਲੇ ਹੀ ਵਾਪਸ ਆਪਣੇ ਘਰਾਂ ਨੂੰ ਪਰਤ ਗਏ।
ਸਾਰੇ ਪ੍ਰਬੰਧ ਮੁਕੰਮਲ: ਡੀ ਸੀ
ਡਿਪਟੀ ਕਮਿਸ਼ਨਰ ਨਵਜੋਤ ਕੌਰ ਦਾ ਕਹਿਣਾ ਹੈ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

