ਐੱਨ ਐੱਚ ਐੱਮ ਮੁਲਾਜ਼ਮਾਂ ਨੇ ਹੜਤਾਲ ਸ਼ੁਰੂ ਕੀਤੀ
ਸਿਹਤ ਸੇਵਾਵਾਂ ਪ੍ਰਭਾਵਤ; ਮੰਗਾਂ ਨਾ ਮੰਨਣ ’ਤੇ ਸਰਕਾਰ ਖ਼ਿਲਾਫ਼ ਤਿੱਖੇ ਸੰਘਰਸ਼ ਦੀ ਚਿਤਾਵਨੀ
ਐੱਨ ਐੱਚ ਐੱਮ ਐਂਪਲਾਈਜ਼ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਅੱਜ ਇਥੇ ਸਿਵਲ ਸਰਜਨ ਦਫ਼ਤਰ ਅੱਗੇ ਇਕੱਠੇ ਹੋ ਕੇ ਹੜਤਾਲ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਨੇ ਦੋਸ਼ ਲਾਇਆ ਕਿ ਸਿਹਤ ਵਿਭਾਗ ’ਚ ਯੋਗ ਪ੍ਰਣਾਲੀ ਰਾਹੀਂ ਭਰਤੀ ਕੀਤੇ ਐੱਨ ਐੱਚ ਐੱਮ ਅਧੀਨ ਪਿਛਲੇ 15-20 ਸਾਲਾਂ ਤੋਂ ਠੇਕੇ ’ਤੇ ਕੰਮ ਕਰਦੇ ਕੱਚੇ ਸਿਹਤ ਮੁਲਾਜ਼ਮਾਂ ਨਾਲ ਪੱਕੇ ਵਾਅਦੇ ਕਰਨ ਵਾਲੀ ‘ਆਪ’ ਸਰਕਾਰ ਸੱਤਾ ਦੇ ਨਸ਼ੇ ’ਚ ਵਾਅਦਿਆਂ ਭੱਜਦੀ ਨਜ਼ਰ ਆ ਰਹੀ ਹੈ। ਹੜਤਾਲ ਕਾਰਨ ਸਿਹਤ ਸੰਸਥਾਵਾਂ ਵਿੱਚ ਐੱਨ ਸੀ ਡੀ ਸਕਰੀਨਿੰਗ ਕੰਪੇਨ, ਓ ਪੀ ਡੀ, ਕਲੀਨੀਕਲ ਡਿਊਟੀਆਂ, ਦਫ਼ਤਰੀ ਰਿਪੋਰਟਿੰਗ ਦਾ ਕੰਮ, ਔਨਲਾਈਨ ਅਤੇ ਔਫਲਾਈਨ ਟਰੇਨਿੰਗਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਰੱਖਿਆ ਗਿਆ।
ਰੈਲੀ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਵਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਸਰਕਾਰ ਬਰਾਬਰ ਕੰਮ ਬਰਾਬਰ ਤਨਖ਼ਾਹ, ਗ੍ਰੈਚੂਟੀ, ਉਮਰ ਹੱਦ ਵਾਧਾ ਆਦਿ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ’ਚ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਇਸ ਮੌਕੇ ਲਵਲੀ ਗੋਇਲ, ਰਾਜਵੀਰ ਕੌਰ, ਕਰਮਵੀਰ ਕੌਰ, ਲਲਿਤ ਕੁਮਾਰ, ਜਗਦੇਵ ਸਿੰਘ, ਸੰਦੀਪ ਸਿੰਘ, ਰਾਜੇ ਸ਼ਿਆਮ ਤੇ ਕਰਨਜੀਤ ਕੌਰ ਮੌਜੂਦ ਸਨ।
ਬਰਨਾਲਾ (ਖੇਤਰੀ ਪ੍ਰਤੀਨਿਧ): ਸਿਹਤ ਵਿਭਾਗ ਵਿੱਚ ਨੈਸ਼ਨਲ ਹੈਲਥ ਮਿਸ਼ਨ ਅਧੀਨ ਪਿਛਲੇ ਪੰਦਰਾਂ-ਵੀਹ ਸਾਲਾਂ ਤੋਂ ਠੇਕੇ ’ਤੇ ਕੰਮ ਕਰਦੇ ਕੱਚੇ ਸਿਹਤ ਕਾਮੇ ਦੋ ਰੋਜ਼ਾ ਹੜਤਾਲ ’ਤੇ ਜਾਣ ਕਾਰਨ ਸਿਹਤ ਸੇਵਾਵਾਂ ਪ੍ਰਭਾਵਿਤ ਹੋਈਆਂ। ਐੱਨ ਐੱਚ ਐੱਮ ਐਂਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਦੀਪ ਕੌਰ ਬਰਨਾਲਾ ਨੇ ਕਿਹਾ ਕਿ ਇਨ੍ਹਾਂ ਕਾਮਿਆਂ ਨੂੰ ਪੱਕੇ ਕਰਨ ਦੇ ਵਾਅਦੇ ਤੋਂ ‘ਆਪ’ ਮੁੱਕਰ ਚੁੱਕੀ ਹੈ।

