ਇਕਬਾਲ ਸਿੰਘ ਸ਼ਾਂਤ
ਲੰਬੀ, 3 ਮਾਰਚ
14ਵੇਂ ਵਿੱਤ ਕਮਿਸ਼ਨ ਦੀ ਗਰਾਂਟ ਨਾਲ ਮੰਡੀ ਕਿੱਲਿਆਂਵਾਲੀ ’ਚਅਕਾਲੀ ਦਲ ਪੱਖੀ ਪੰਚਾਇਤ ਵੱਲੋਂ ਦੋ ਗਲੀਆਂ ਦੇ ਇੰਟਰਲਾਕ ਨਿਰਮਾਣ ’ਚ ਵੱਡੇ ਪੱਧਰ ’ਤੇ ਘਪਲੇਬਾਜ਼ੀ ਸਾਹਮਣੇ ਆਈ ਹੈ। ਮੰਡੀ ਕਿੱਲਿਆਂਵਾਲੀ ’ਚ ਮਹਾਰਾਜਾ ਪੈਲਸ ਸਾਹਮਣੇ ਦੋ ਗਲੀਆਂ ਦੇ ਇੰਟਰਲਾਕ ਨਿਰਮਾਣ ’ਚ ਘਟੀਆ ਦਰਜੇ ਦਾ ਕਾਰਜ ਹੋਣ ਕਾਰਨ ਸਿਰਫ਼ ਡੇਢ-ਦੋ ਹਫ਼ਤੇ ’ਚ ਜਗਾ-ਜਗਾ ’ਤੇ ਗਲੀ ’ਚ ਟਾਈਲਾਂ ਹੇਠਾਂ ਬੈਠ ਗਈਆਂ ਹਨ ਤੇ ਵੱਡੇ ਸੁਰਾਖ ਬਣ ਗਏ ਹਨ। ਗਲੀ ਵਾਸੀ ਉਮਾਕਾਂਤ ਨੇ ਦੱਸਿਆ ਕਿ ਆਈਐੱਸਆਈ ਮਾਅਰਕੇ ਵਾਲੀਆਂ ਇੰਟਰਲਾਕ ਟਾਈਲਾਂ ਵੀ ਕਿਨਾਰਿਆਂ ਤੋਂ ਭੁਰਨ ਲੱਗੀਆਂ ਹਨ। ਅਖਿਲੇਸ਼ ਚੰਦ ਤੇ ਸਰਵੇਸ਼ ਕੁਮਾਰ ਨੇ ਦੋਸ਼ ਲਾਇਆ ਕਿ ਪੰਚਾਇਤ ਨੇ ਗਲੀ ਦਾ ਪੱਧਰ ਕਰੀਬ ਚਾਰ ਫੁੱਟ ਉੱਚਾ ਚੁੱਕਣ ਸਮੇਂ ਨਾ ਮਿੱਟੀ ਦੀ ਸਤਿਹ ਦੀ ਕੁਟਾਈ ਕੀਤੀ ਤੇ ਨਾ ਮਜ਼ਬੂਤੀ ਲਈ ਪਰਤ-ਦਰ-ਪਰਤ ਪਾਣੀ ਛਿੜਕਾਅ ਕੀਤਾ। ਅਖਿਲੇਸ਼ ਚੰਦ ਨੇ ਕਿਹਾ ਕਿ ਵਾਟਰ ਵਰਕਸ ’ਚੋਂ ਨਿਕਲਿਆ ਪੁਰਾਣਾ ਫਿਲਟਰ ਮੀਡੀਆ ਵਾਲਾ ਮਿੱਟੀ ਯੁਕਤ ਕਰੱਸ਼ਰ ਟਾਈਲਾਂ ਹੇਠਾਂ ਪਾ ਕੇ ਬੁੱਤਾ ਸਾਰ ਦਿੱਤਾ ਹੈ। ਮੋਨੂੰ ਤੇ ਵਿਨੈ ਨੇ ਕਿਹਾ ਕਿ ਉਨ੍ਹਾਂ ਦੀ ਗਲੀ ’ਚ ਨੌਂ-ਦਸ ਸੀਵਰੇਜ ਮੇਨਹੌਲਾਂ ਨੂੰ ਡੇਢ ਫੁੱਟ ਹੇਠਾਂ ਦੱਬ ਕੇ ਉੱਪਰ ਗਲੀ ਬਣਾ ਦਿੱਤੀ ਹੈ। ਹੁਣ ਉਨ੍ਹਾਂ ਬੰਦ ਸੀਵਰੇਜ ਵਿੱਚੋਂ ਲੀਕ ਗੰਦਾ ਪਾਣੀ ਨੀਂਹਾਂ ’ਚ ਵੜ ਰਿਹਾ ਹੈ। ਧਰਮਪਾਲ ਨੇ ਕਿਹਾ ਕਿ ਬੇਤਰਤੀਬ ਤੇ ਗਲਤ ਗਲੀ ਨਿਰਮਾਣ ਜਰੀਏ ਉਨ੍ਹਾਂ ਦੇ ਮਕਾਨ ਨੀਵੇਂ ਕਰ ਦਿੱਤੇ ਹਨ ਤੇ ਗਲੀ ਥਾਂ-ਥਾਂ ਤੋਂ ਬੈਠ ਗਈ ਹੈ। ਭਾਰਤ ਕੁਮਾਰ ਨੇ ਕਿਹਾ ਕਿ ਨਿਰਮਾਣ ’ਚ ਘਪਲੇਬਾਜ਼ੀ ਤੇ ਬੇਨਿਯਮੀਆਂ ਦਾ ਬੋਲਬਾਲਾ ਹੈ। ਰੇਣੂ ਤੇ ਸੁਮਨ ਦਾ ਕਹਿਣਾ ਸੀ ਕਿ ਗਲਤ ਲੈਵਲ ਕਾਰਨ ਬਰਸਾਤੀ ਮੌਸਮ ’ਚ ਉਨ੍ਹਾਂ ਦੀ ਜ਼ਿੰਦਗੀ ਨਰਕ ਬਣ ਜਾਣੀ ਹੈ। ਮੁਹੱਲਾ ਵਾਸੀਆਂ ਨੇ ਨਿਰਮਾਣ ’ਚ ਪੜਤਾਲ ਮੰਗੀ ਹੈ।
ਦੂਜੇ ਪਾਸੇ ਸਰਪੰਚ ਦੇ ਪਤੀ ਅਮਨਜੋਤ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਗਲੀ ਸਹੀ ਬਣਾਈ ਹੈ। ਤੁਸੀਂ ਪਾਸੇ ਆ ਕੇ ਗੱਲ ਸੁਣ ਲਓ। ਸਾਡੇ ਤੁਹਾਡੇ ਨਾਲ ਸਬੰਧ ਖ਼ਰਾਬ ਹੋਣਗੇ। ਜਿਸ ’ਤੇ ਪੱਤਰਕਾਰ ਦਾ ਕਹਿਣਾ ਸੀ ਕਿ ਸਬੰਧ ਤਾਂ ਉਸਦੇ ਦੋਵੇਂ ਹੱਥਾਂ ਦੇ ਆਪਸ ’ਚ ਖ਼ਰਾਬ ਹਨ। ਤੁਹਾਡੇ ਨਾਲ ਸਬੰਧ ਦੂਰ ਦੀ ਗੱਲ ਹਨ। ਲੰਬੀ ਦੇ ਬੀਡੀਪੀਓ ਰਾਕੇਸ਼ ਬਿਸ਼ਨੋਈ ਨੇ ਕਿਹਾ ਕਿ ਉਹ ਪੜਤਾਲ ਕਰਵਾਉਣਗੇ। ਜ਼ਿਕਰਯੋਗ ਹੈ ਕਿ 14ਵੇਂ ਵਿੱਤ ਕਮਿਸ਼ਨ ਤਹਿਤ ਲੰਬੀ ਬਲਾਕ ਹੇਠਲੀਆਂ 55 ਪੰਚਾਇਤਾਂ ਨੂੰ ਕਰੀਬ 12.81 ਕਰੋੜ ਰੁਪਇਆ ਆਇਆ ਹੈ। ਜਿਸ ਵਿੱਚੋਂ ਗਰਾਮ ਪੰਚਾਇਤ ਮੰਡੀ ਕਿੱਲਿਆਂਵਾਲੀ ਦੇ ਹਿੱਸੇ ਲੰਬੀ ਹਲਕੇ ’ਚ ਸਭ ਤੋਂ ਵੱਧ 88.95 ਲੱਖ ਰੁਪਏ ਆਏ ਹਨ। ਮੰਡੀ ਕਿੱਲਿਆਂਵਾਲੀ ’ਚ ਮਹਿਲਾ ਸਰਪੰਚ ਹੈ। ਪੰਚਾਇਤ ਦਾ ਸੁਮੱਚਾ ਕਾਰਜ ਉਸਦਾ ਪਤੀ ਤੇ ਸਹੁਰਾ ਹੀ ਚਲਾਉਂਦੇ ਹਨ।
ਸੂਚਨਾ ਅਧਿਕਾਰ ਕਾਰਕੁੰਨ ਅਨਿਲ ਕੁਰੈਸ਼ੀ ਨੇ ਮੰਡੀ ਕਿੱਲਿਆਂਵਾਲੀ ਸਮੇਤ ਸਮੁੱਚੇ ਲੰਬੀ ਹਲਕੇ ’ਚ ਪਿਛਲੇ ਸਾਲਾਂ ਤੋਂ ਕਰੋੜਾਂ ਰੁਪਏ ਦੀਆਂ ਵਿੱਤ ਕਮਿਸ਼ਨ ਗਰਾਂਟਾਂ ’ਤੇ ਸੁਆਲ ਉਠਾਉਂਦੇ ਜਾਂਚ ਮੰਗੀ ਹੈ।