ਲਾਪ੍ਰਵਾਹੀ: ਕੂੜੇ ਦੇ ਢੇਰ ਵਿੱਚ ਮਿਲੀਆਂ ਹਜ਼ਾਰਾਂ ਰੁਪਏ ਦੀਆਂ ਦਵਾਈਆਂ

ਲਾਪ੍ਰਵਾਹੀ: ਕੂੜੇ ਦੇ ਢੇਰ ਵਿੱਚ ਮਿਲੀਆਂ ਹਜ਼ਾਰਾਂ ਰੁਪਏ ਦੀਆਂ ਦਵਾਈਆਂ

ਸਿਵਲ ਹਸਪਤਾਲ ਧਨੌਲਾ ਵਿੱਚ ਕੂੜੇ ਦੇ ਢੇਰ ’ਚ ਪਈਆਂ ਦਵਾਈਆਂ ਦਿਖਾਉਂਦੇ ਹੋਏ ਮਹਿੰਦਰਪਾਲ ਸਿੰਘ ਤੇ ਰੱਬੀ ਸਿੰਘ। -ਫੋਟੋ: ਰੋਹਿਤ

ਰਵਿੰਦਰ ਰਵੀ
ਬਰਨਾਲਾ 15 ਜਨਵਰੀ

ਸਰਕਾਰੀ ਸਿਵਲ ਹਸਪਤਾਲ ਧਨੌਲਾ ਵਿੱਚ ਹਜ਼ਾਰਾਂ ਰੁਪਏ ਦੀਆਂ ਦਵਾਈਆਂ ਮਰੀਜ਼ਾਂ ਨੂੰ ਦੇਣ ਦੀ ਬਜਾਏ ਕੂੜੇ ਦੇ ਢੇਰ ਵਿੱਚ ਸੁੱਟੇ ਜਾਣ ਨਾਲ ਹਸਪਤਾਲ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ। ਲੋਕ ਇਨਸਾਫ਼ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਹਸਪਤਾਲ ਵਿੱਚ ਹਜ਼ਾਰਾਂ ਰੁਪਏ ਦੀ ਸਰਕਾਰੀ ਦਵਾਈਆਂ ਕੂੜੇ ਦੇ ਢੇਰ ’ਚ ਸੁੱਟੀਆਂ ਪਈਆਂ ਹਨ ਤਾਂ ਉਹ ਤੁਰੰਤ ਆਪਣੇ ਸਾਥੀਆਂ ਸਮੇਤ ਹਸਪਤਾਲ ਪਹੁੰਚੇ ਤੇ ਕੂੜੇ ਵਿੱਚ ਸੁੱਟੀਆਂ ਹੋਈਆਂ ਦਵਾਈਆਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ। ਉਸ ਤੋਂ ਬਾਅਦ ਉਨ੍ਹਾਂ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਸੂਚਨਾ ਦਿੱਤੀ। ਡਿਪਟੀ ਕਮਿਸ਼ਨਰ ਨੇ ਤੁਰੰਤ ਕਾਰਵਾਈ ਕਰਦਿਆਂ ਸਿਵਲ ਸਰਜਨ ਨੂੰ ਮੌਕਾ ਦੇਖਣ ਲਈ ਭੇਜਿਆ ਅਤੇ ਪੂਰੀ ਪੜਤਾਲੀਆ ਰਿਪੋਰਟ ਜਲਦੀ ਦੇਣ ਦੇ ਹੁਕਮ ਜਾਰੀ ਕੀਤੇ।

ਲੋਕਾਂ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਦੇ ਕੁੱਝ ਡਾਕਟਰ ਕਥਿਤ ਤੌਰ ’ਤੇ ਹਸਪਤਾਲ ਲਾਗੇ ਸਥਿਤ ਦਵਾਈਆਂ ਵਾਲੀਆਂ ਦੁਕਾਨਾਂ ਦੇ ਮਾਲਕਾਂ ਨਾਲ ਮਿਲੀਭੁਗਤ ਕਰ ਕੇ ਸਰਕਾਰੀ ਦਵਾਈਆਂ ਮਰੀਜ਼ਾਂ ਨੂੰ ਲਿਖਣ ਦੀ ਬਜਾਏ ਬਾਜ਼ਾਰੋਂ ਮਹਿੰਗੇ ਭਾਅ ਦੀਆਂ ਦਵਾਈਆਂ ਲਿਖਣ ਨੂੰ ਤਰਜੀਹ ਦੇ ਰਹੇ ਹਨ। ਲੋਕ ਇਨਸਾਫ਼ ਪਾਰਟੀ ਦੇ ਆਗੂ ਮਹਿੰਦਰਪਾਲ ਸਿੰਘ ਦਾਨਗੜ੍ਹ, ਚਿੱਤਰਕਾਰ ਰੱਬੀ ਸਿੰਘ ਧਨੌਲਾ, ਕਿਸਾਨ ਆਗੂ ਮਹਿੰਦਰ ਸਿੰਘ ਧਨੌਲਾ, ਰਣਧੀਰ ਸਿੰਘ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਨੂੰ ਘਟਨਾ ਦੀ ਜਾਂਚ ਲਈ ਇਕ ਮੰਗ ਪੱਤਰ ਵੀ ਦਿੱਤਾ ਗਿਆ।

ਕੀ ਕਹਿੰਦੇ ਨੇ ਅਧਿਕਾਰੀ

ਸਿਵਲ ਹਸਪਤਾਲ ਧਨੌਲਾ ਵਿੱਚ ਨਵੇਂ ਆਏ ਐੱਸਐੱਮਓ ਡਾ. ਨਵਜੋਤਪਾਲ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰੀ ਦਵਾਈਆਂ ਹਸਪਤਾਲ ਦੇ ਕੂੜੇ ਦੇ ਢੇਰ ਵਿੱਚ ਮਿਲਣ ਸਬੰਧੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾ ਕੇ ਜਲਦੀ ਹੀ ਪੜਤਾਲੀਆ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਪੂਰੇ ਸਟਾਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਪੜਤਾਲ ਦੌਰਾਨ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All