ਨੀਨਾ ਬਾਂਸਲ ਭੁੱਚੋ ਕੌਂਸਲ ਦੀ ਪ੍ਰਧਾਨ ਬਣੀ
ਅਕਾਲੀ ਦਲ ਨੇ ‘ਆਪ’ ਨੂੰ ਟੱਕਰ ਦਿੱਤੀ; ਬਰਾਬਰ ਕੌਂਸਲਰ ਹੋਣ ਕਾਰਨ ਪਰਚੀਆਂ ਪਾਈਆਂ
ਨਗਰ ਕੌਂਸਲ ਭੁੱਚੋ ਮੰਡੀ ਦੀ ਪ੍ਰਧਾਨਗੀ ਸਬੰਧੀ ਹੋਈ ਚੋਣ ਵਿੱਚ ‘ਆਪ’ ਅਤੇ ਅਕਾਲੀ ਦਲ ਦੇ ਕੌਂਸਲਰ ਬਰਾਬਰ ਰਹਿਣ ਕਾਰਨ ਪਰਚੀ ਸਿਸਟਮ ਰਾਹੀਂ ‘ਆਪ’ ਦੀ ਸਮਰਥਕ ਕਾਂਗਰਸੀ ਕੌਂਸਲਰ ਨੀਨਾ ਬਾਂਸਲ ਪ੍ਰਧਾਨ, ਅਕਾਲੀ ਦਲ ਦੀ ਸਮਰਥਕ ਆਜ਼ਾਦ ਕੌਂਸਲਰ ਅੰਜਲੀ ਗਰਗ ਸੀਨੀਅਰ ਮੀਤ ਪ੍ਰਧਾਨ ਅਤੇ ‘ਆਪ’ ਦੀ ਸਮਰਥਕ ਆਜ਼ਾਦ ਕੌਂਸਲਰ ਰੁਪਿੰਦਰ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਹ ਚੋਣ ਬਠਿੰਡਾ ਦੇ ਐੱਸ ਡੀ ਐੱਮ ਅਮਨਦੀਪ ਸਿੰਘ ਮਾਵੀ, ਨਥਾਣਾ ਦੀ ਨਾਇਬ ਤਹਿਸੀਲਦਾਰ ਅੰਮ੍ਰਿਤਾ ਅਗਰਵਾਲ ਦੀ ਨਿਗਰਾਨੀ ਹੇਠ ਹੋਈ।
ਨਵ-ਨਿਯੁਕਤ ਪ੍ਰਧਾਨ ਨੀਨਾ ਬਾਂਸਲ ਨੇ ਇਸ ਤੋਂ ਪਹਿਲਾਂ ਪੰਜ ਸਾਲ ਪ੍ਰਧਾਨ ਰਹੇ ਆਪਣੇ ਪਤੀ ਜੋਨੀ ਬਾਂਸਲ ਦੀ ਕੁਰਸੀ ਸੰਭਾਲ ਲਈ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਪਤੀ ਤੋਂ ਤੁਰੰਤ ਬਾਅਦ ਉਸ ਦੀ ਪਤਨੀ ਪ੍ਰਧਾਨ ਬਣੀ ਹੋਵੇ।
ਜ਼ਿਕਰਯੋਗ ਹੈ ਕਿ 13 ਕੌਂਸਲਰਾਂ ਵਾਲੀ ਨਗਰ ਕੌਂਸਲ ਵਿੱਚ ਸਭ ਤੋਂ ਵੱਧ ਛੇ ਅਕਾਲੀ ਦਲ, ਤਿੰਨ ਕਾਂਗਰਸ, ਤਿੰਨ ਆਜ਼ਾਦ ਅਤੇ ਇੱਕ ‘ਆਪ’ ਦਾ ਕੌਂਸਲਰ ਜਿੱਤਿਆ ਸੀ। ਅੱਜ ਪ੍ਰਧਾਨਗੀ ਦੀ ਚੋਣ ਮੌਕੇ ਛੇ ਅਕਾਲੀ ਕੌਸਲਰਾਂ ਨੂੰ ਇੱਕ ਆਜ਼ਾਦ ਕੌਂਸਲਰ ਅੰਜਲੀ ਗਰਗ ਦੁਆਰਾ ਸਮਰਥਨ ਦੇਣ ਨਾਲ ਅਕਾਲੀ ਦੇ 7 ਕੌਂਸਲਰ ਹੋ ਗਏ। ਇਸੇ ਤਰ੍ਹਾਂ ‘ਆਪ’ ਦੇ ਇੱਕੋ-ਇੱਕ ਕੌਂਸਲਰ ਨੂੰ ਤਿੰਨ ਕਾਗਰਸੀਆਂ ਅਤੇ ਦੋ ਆਜ਼ਾਦ ਕੌਂਸਲਰਾਂ ਨੇ ਸਮਰਥਨ ਦਿੱਤਾ ਅਤੇ ਹਲਕਾ ਵਿਧਾਇਕ ਜਗਸੀਰ ਸਿੰਘ ਦੀ ਵੋਟ ਨਾਲ ‘ਆਪ’ ਦੀਆਂ ਵੀ 7 ਵੋਟਾਂ ਹੋ ਗਈਆਂ। ਇਸ ਉਪਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਰਚੀਆਂ ਪਾ ਕੇ ਚੋਣ ਕੀਤੀ, ਜਿਸ ਵਿੱਚ ਪ੍ਰਧਾਨਗੀ ਲਈ ਅਕਾਲੀ ਦਲ ਦੇ ਨਰਦੀਪ ਗਰਗ ਅਤੇ ਆਪ ਦੀ ਸਮਰਥਕ ਨੀਨਾ ਬਾਂਸਲ ਵਿੱਚੋਂ ਨੀਨਾ ਬਾਂਸਲ ਜੇਤੂ ਰਹੀ।
ਸੀਨੀਅਰ ਮੀਤ ਪ੍ਰਧਾਨ ਦੀ ਚੋਣ ਲਈ ਅਕਾਲੀ ਦਲ ਦੀ ਸਮਰਥਕ ਆਜ਼ਾਦ ਅੰਜ਼ਲੀ ਗਰਗ ਜੇਤੂ ਰਹੀ ਅਤੇ ਮੀਤ ਪ੍ਰਧਾਨ ਦੀ ਚੋਣ ਵਿੱਚ ‘ਆਪ’ ਦੀ ਸਮਰਥਕ ਰੁਪਿੰਦਰ ਕੌਰ ਚੁਣੀ ਗਈ।
