Natyam National Theatre Festival: ਕਰਨ ਦੇ ਦੁਖਦਾਈ ਅੰਤ ਨੇ ਦਰਸ਼ਕਾਂ ਨੂੰ ਭਾਵੁਕ ਕੀਤਾ
ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ ਛੇਵੀਂ ਰਾਤ ਜੈਪੁਰ ਦੇ ਰੰਗ ਮਸਤਾਨੇ ਗਰੁੱਪ ਵੱਲੋਂ ਵਿਭਾਂਸ਼ੂ ਵੈਭਵ ਦਾ ਲਿਖਿਆ ਨਾਟਕ ‘ਮਹਾਰਥੀ’ ਖੇਡਿਆ ਗਿਆ। ਅਭਿਸ਼ੇਕ ਮੁਦਗਲ ਦੇ ਨਿਰਦੇਸ਼ਨ ਹੇਠ ਹੋਏ ਮੰਚਨ ਨੇ ਮਹਾਭਾਰਤ ਦੇ ਯੋਧੇ ਕਰਨ ਦੀ ਕਥਾ ਰਾਹੀਂ ਸਮਾਜਿਕ ਭੇਦਭਾਵ,...
ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ ਛੇਵੀਂ ਰਾਤ ਜੈਪੁਰ ਦੇ ਰੰਗ ਮਸਤਾਨੇ ਗਰੁੱਪ ਵੱਲੋਂ ਵਿਭਾਂਸ਼ੂ ਵੈਭਵ ਦਾ ਲਿਖਿਆ ਨਾਟਕ ‘ਮਹਾਰਥੀ’ ਖੇਡਿਆ ਗਿਆ। ਅਭਿਸ਼ੇਕ ਮੁਦਗਲ ਦੇ ਨਿਰਦੇਸ਼ਨ ਹੇਠ ਹੋਏ ਮੰਚਨ ਨੇ ਮਹਾਭਾਰਤ ਦੇ ਯੋਧੇ ਕਰਨ ਦੀ ਕਥਾ ਰਾਹੀਂ ਸਮਾਜਿਕ ਭੇਦਭਾਵ, ਪਛਾਣ, ਸਨਮਾਨ ਤੇ ਮਨੁੱਖੀ ਦਵੰਧ ਨੂੰ ਉਭਾਰਿਆ। ਮੰਚਨ ਦੀ ਖ਼ਾਸੀਅਤ ਇਹ ਰਹੀ ਕਿ ਕਰਨ ਨੂੰ ਸਿਰਫ਼ ਯੋਧੇ ਵਜੋਂ ਨਹੀਂ, ਸਗੋਂ ਸਨਮਾਨ ਅਤੇ ਪਛਾਣ ਲਈ ਜੂਝਦੇ ਮਨੁੱਖ ਵਜੋਂ ਪੇਸ਼ ਕੀਤਾ ਗਿਆ। ਉਸ ਦੀਆਂ ਨੈਤਿਕ ਦੁਵਿਧਾਵਾਂ ਅਤੇ ਰਿਸ਼ਤਿਆਂ ਦੀਆਂ ਉਲਝਣਾਂ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਭਾਵੁਕ ਦ੍ਰਿਸ਼ਾਂ ਦੌਰਾਨ ਆਡੀਟੋਰੀਅਮ ਵਿੱਚ ਖ਼ਾਮੋਸ਼ੀ ਛਾ ਗਈ, ਜਦਕਿ ਪ੍ਰਭਾਵਸ਼ਾਲੀ ਸੰਵਾਦਾਂ ’ਤੇ ਤਾੜੀਆਂ ਗੂੰਜਦੀਆਂ ਰਹੀਆਂ।
ਨਾਟਕ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ. ਰੌਨਿਲ ਕੌਸ਼ਲ ਵੱਲੋਂ ਸ਼ਮਾ ਰੌਸ਼ਨ ਕਰਕੇ ਕੀਤੀ ਗਈ। ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਸੰਸਥਾ ਦੇ 30 ਸਾਲਾਂ ਦੇ ਸਫ਼ਰ ਅਤੇ ਲੋਕਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਡਾ. ਕਸ਼ਿਸ਼ ਗੁਪਤਾ, ਸੁਰਿੰਦਰ ਕੌਰ, ਸੁਦਰਸ਼ਨ ਗੁਪਤਾ, ਰਾਜਿੰਦਰ ਮਿੱਤਲ, ਸੁਨੀਲ ਬਾਂਸਲ, ਅਨੀਸ਼ ਗੁਪਤਾ ਅਤੇ ਗੁਰਨੂਰ ਸਿੰਘ ਆਦਿ ਹਾਜ਼ਰ ਸਨ।

