ਨੌਜਵਾਨ ਦੀ ਹੱਤਿਆ: ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

ਨੌਜਵਾਨ ਦੀ ਹੱਤਿਆ: ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

ਜੋਗਿੰਦਰ ਸਿੰਘ ਮਾਨ
ਮਾਨਸਾ, 4 ਅਗਸਤ

ਇਲਾਕੇ ਦੀ ਲੱਲੂਆਣਾ ਰੋਡ ’ਤੇ ਬੀਤੀ ਸ਼ਾਮ ਨੌਜਵਾਨਾਂ ਦੇ ਦੋ ਗੁੱਟਾਂ ਦੀ ਲੜਾਈ ਦੌਰਾਨ ਇਕ ਨੌਜਵਾਨ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਅਤੇ ਕੁੱਝ ਨੌਜਵਾਨਾਂ ਦੇ ਜ਼ਖ਼ਮੀ ਹੋਣ ਬਾਰੇ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਚਾਰ ਨੌਜਵਾਨਾਂ ਸਮੇਤ ਕੁੱਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਕਸੂਰਵਾਰਾਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੌਰਾਨ ਹੇਅਰ ਡਰੈੱਸਰ ਦੀ ਦੁਕਾਨ ਦੀ ਤੋੜ-ਭੰਨ੍ਹ ਵੀ ਕੀਤੀ ਗਈ ਸੀ। ਘਟਨਾ ਸਥਾਨ ’ਤੇ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਤੇ ਥਾਣਾ ਸਿਟੀ-2 ਦੇ ਮੁਖੀ ਹਰਦਿਆਲ ਦਾਸ ਪੁੱਜੇ। ਪੁਲੀਸ ਨੇ ਅੱਜ ਲਾਸ਼ ਦਾ ਸਿਵਲ ਹਸਪਤਾਲ ਮਾਨਸਾ ਤੋਂ ਪੋਸਟਮਾਰਟਮ ਕਰਵਾਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਲਾਸ਼ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਨੌਜਵਾਨਾਂ ਦੇ ਦੋ ਗੁੱਟਾਂ ਵਿੱਚ ਮਾਮੂਲੀ ਲੜਾਈ ਤੋਂ ਬਾਅਦ ਕੁੱਝ ਨੌਜਵਾਨ ਸਥਾਨਕ ਲੱਲੂਆਣਾ ਰੋਡ ’ਤੇ ਇਕੱਤਰ ਹੋਏ। ਇਨ੍ਹਾਂ ਵਿਚੋਂ ਕੁੱਝ ਨੌਜਵਾਨਾਂ ਨੇ ਇਕ ਨੌਜਵਾਨ ’ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੁਲੀਸ ਕੋਲ ਰਕੇਸ਼ ਕੁਮਾਰ ਵਾਸੀ ਮਾਨਸਾ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਸ ਦੇ ਭਰਾ ਨੂੰ ਕੁੱਝ ਨੌਜਵਾਨਾਂ ਨੇ ਘੇਰਾ ਪਾ ਲਿਆ। ਉਸ ਨੇ ਘਰ ਆ ਕੇ ਇਹ ਗੱਲ ਆਪਣੇ ਪਰਿਵਾਰ ਨੂੰ ਦੱਸੀ। ਜਦੋਂ ਪਰਿਵਾਰਕ ਮੈਂਬਰ ਘਟਨਾ ਵਾਲੀ ਥਾਂ ’ਤੇ ਪਹੁੰਚੇ ਤਾਂ ਹਮਲਾਵਰਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਵਿਚੋਂ ਗੁਲਾਬ ਸਿੰਘ ਨੇ ਬਲਵਿੰਦਰ ਸਿੰਘ ਦੀ ਛਾਤੀ ’ਚ ਫਾਇਰ ਕੀਤਾ, ਜੋ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਮਾਨਸਾ ਦਾਖਲ ਕਰਵਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਇਸ ਦੌਰਾਨ ਗੰਡਾਸੇ ਆਦਿ ਵੀ ਚੱਲੇ ਤੇ ਹੇਅਰ ਡਰੈਸਰ ਦੀ ਦੁਕਾਨ ਭੰਨ ਦਿੱਤੀ ਗਈ। ਪੁਲੀਸ ਦੇ ਉੱਥੇ ਪੁੱਜਦਿਆਂ ਹੀ ਨੌਜਵਾਨ ਫਰਾਰ ਹੋ ਗਏ। ਪੁਲੀਸ ਨੇ ਰਕੇਸ਼ ਕੁਮਾਰ ਦੇ ਬਿਆਨ ’ਤੇ ਗੁਲਾਬ ਸਿੰਘ ਵਾਸੀ ਲੱਲੂਆਣਾ ਰੋਡ, ਰਜਿਤ ਕੁਮਾਰ ਉਰਫ ਮਾਦੀ ਲੱਲੂਆਣਾ ਰੋਡ, ਮਾਨਸਾ, ਟੋਟੋ ਵਾਸੀ ਮਾਨਸਾ, ਸੰਨੀ ਵਾਸੀ ਮਾਨਸਾ ਤੋਂ ਇਲਾਵਾ ਕੁੱਝ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕਤਲ ਤੇ ਅਸਲਾ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ-2 ਦੇ ਮੁਖੀ ਹਰਦਿਆਲ ਦਾਸ ਨੇ ਦੱਸਿਆ ਕਿ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਅਸਲੇ ਸਮੇਤ ਮੁਲਜ਼ਮ ਗ੍ਰਿਫ਼ਤਾਰ

ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ) : ਕੋਟਕਪੂਰਾ ਦਿਹਾਤੀ ਪੁਲੀਸ ਨੇ .32 ਬੋਰ ਪਿਸਤੌਲ, ਦੇਸੀ ਮੈਗਜ਼ੀਨ ਤੇ ਦੋ ਕਾਰਤੂਸਾਂ ਸਮੇਤ ਮੁਲਜ਼ਮ ਅਮਨਦੀਪ ਸਿੰਘ ਉਰਫ ਜੱਜੀ ਵਾਸੀ ਪੰਜਗਰਾਈਂ ਖੁਰਦ ਨੂੰ ਕਾਬੂ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਤਫ਼ਤੀਸ਼ ਅਰੰਭੀ ਗਈ ਹੈ। ਥਾਣਾ ਮੁਖੀ ਇੰਸਪੈਕਟਰ ਬੇਅੰਤ ਕੌਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਵੱਲੋਂ ਪੰਜਗਰਾਈਂ ਕਲਾਂ-ਘਣੀਏਵਾਲਾ ਰਾਹ ’ਤੇ ਬਾਹੱਦ ਪਿੰਡ ਪੰਜਗਰਾਈ ਕਲਾਂ ਵਿਚ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਘਣੀਏਵਾਲਾ ਦੀ ਤਰਫੋਂ ਇਕ ਨੌਜਵਾਨ ਪੈਦਲ ਆਉਂਦਾ ਵਿਖਾਈ ਦਿੱਤਾ ਜੋ ਪੁਲੀਸ ਨੂੰ ਵੇਖ ਕੇ ਇਕਦਮ ਪਿੱਛੇ ਵੱਲ ਮੁੜਨ ਲੱਗਾ। ਥਾਣੇਦਾਰ ਤੇ ਉਸ ਦੇ ਸਾਥੀ ਪੁਲੀਸ ਕਰਮੀਆੀ ਨੇ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ ਤੇ ਉਸ ਕੋਲੋਂ ਉਪਰੋਕਤ ਅਸਲਾ ਬਰਾਮਦ ਹੋਇਆ। ਪੁਲੀਸ ਨੇ ਉਸ ਤੋਂ ਅਸਲੇ ਬਾਰੇ ਪੁੱਛਗਿੱਛ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਇਸ ਅਸਲੇ ਰਾਹੀਂ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਸੀ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All