ਭਦੌੜ (ਪੱਤਰ ਪ੍ਰੇਰਕ): ਇੱਥੇ ਛੰਨਾ ਰੋਡ ’ਤੇ ਸਥਿਤ ਇੱਕ ਘਰ ’ਚ ਭੇਤਭਰੀ ਹਾਲਤ ਵਿੱਚ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮਿਲਣ ਮਗਰੋਂ ਘਟਨਾ ਸਥਾਨ ’ਤੇ ਪੁੱਜੇ ਡੀਐੱਸਪੀ ਡਾ. ਮਾਨਵਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਛੰਨਾ ਰੋਡ ’ਤੇ ਕਿਰਨਜੀਤ ਕੌਰ ਦੇ ਘਰ 30 ਸਾਲਾ ਔਰਤ ਦੀ ਹੱਤਿਆ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਭਦੌੜ ਪੁਲੀਸ ਨੇ ਜਾ ਕੇ ਦੇਖਿਆ ਤਾਂ ਔਰਤ ਦੇ ਗਲੇ ’ਤੇ ਡੂੰਘੇ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਦੀ ਟੀਮ ਵੀ ਇਸ ਕਤਲ ਦੀ ਜਾਂਚ ਕਰਨ ਲਈ ਘਟਨਾ ਸਥਾਨ ’ਤੇ ਪੁੱਜ ਚੁੱਕੀ ਸੀ। ਪੁਲੀਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਇਕੱਠੀ ਕਰ ਰਹੀ ਸੀ। ਪੁਲੀਸ ਨੇ ਲਾਸ਼ ਕਬਜ਼ੇ ਵਿਚ ਲੈ ਲਈ ਹੈ।