ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮਗਰੋਂ ਧਰਨਾ ਸਮਾਪਤ

ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮਗਰੋਂ ਧਰਨਾ ਸਮਾਪਤ

ਜੇਤੂ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ। -ਫੋਟੋ: ਸੁਰੇਸ਼

ਪੱਤਰ ਪ੍ਰੇਰਕ
ਮਾਨਸਾ, 21 ਸਤੰਬਰ

ਸਹੁਰਿਆਂ ਵੱਲੋਂ ਘਰ ਵਿੱਚ ਨੂੰਹ ਕਤਲ ਕਰਨ ਦੇ ਦੋਸ਼ਾਂ ਤਹਿਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਪਿਛਲੀ 14 ਸਤੰਬਰ ਤੋਂ ਲਗਾਤਾਰ ਜ਼ਿਲ੍ਹਾ ਕਚਹਿਰੀਆਂ ਵਿੱਚ ਚਲਦਾ ਧਰਨਾ ਅੱਜ ਜੇਤੂ ਰੈਲੀ ਵਿਚ ਤਬਦੀਲ ਹੋ ਗਿਆ। ਪੁਲੀਸ ਨੇ ਕੇਸ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਲੜਕੀ ਦੇ ਪੇਕੇ ਪਰਿਵਾਰਕ ਮੈਂਬਰਾਂ ਅਨੁਸਾਰ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਲਵਪ੍ਰੀਤ ਕੌਰ ਦੇ ਸਹੁਰੇ ਪਰਿਵਾਰ ਵੱਲੋਂ ਦਾਜ ਦਹੇਜ ਦੀ ਮੰਗ ਰੱਖ ਦਿੱਤੀ ਗਈ ਸੀ। ਇਸ ’ਤੇ ਕਈ ਵਾਰ ਪੰਚਾਇਤਾਂ ਅਤੇ ਰਿਸ਼ਤੇਦਾਰਾਂ ਦੇ ਇਕੱਠ ਵੀ ਰੱਖੇ ਗਏ ਸਨ, ਪਰ ਸਹੁਰੇ ਪਰਿਵਾਰ ਦੀ ਦਾਜ ਵਾਲੀ ਮੰਗ ਵਿੱਚ ਕੋਈ ਫ਼ਰਕ ਨਹੀਂ ਪਿਆ। ਇਸ ਦੇ ਚੱਲਦਿਆਂ ਸਹੁਰੇ ਪਰਿਵਾਰ ਨੇ ਸਹੁਰੇ ਘਰ ਵਿੱਚ ਹੀ ਲਵਪ੍ਰੀਤ ਕੌਰ ਨੂੰ ਮਾਰ ਦਿੱਤਾ ਸੀ। ਇਸ ਖ਼ਿਲਾਫ਼ ਜਥੇਬੰਦੀ ਵੱਲੋਂ ਪਿੰਡ ਅਤਲਾ ਖੁਰਦ ਦੀ ਲਵਪ੍ਰੀਤ ਕੌਰ ਦੇ ਸਹੁਰਾ ਪਰਿਵਾਰ ਦੀ ਗ੍ਰਿਫ਼ਤਾਰੀ ਲਈ ਪੁਲੀਸ ਖ਼ਿਲਾਫ਼ ਅੰਦੋਲਨ ਵਿੱਢਿਆ ਹੋਇਆ ਸੀ।

ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੱਲ੍ਹ ਜਥੇਬੰਦੀ ਨੇ ਬੱਸ ਅੱਡਾ ਜਾਮ ਕਰਨ ਦਾ ਐਲਾਨ ਕੀਤਾ ਸੀ। ਇਸ ’ਤੇ ਪੁਲੀਸ ਹਰਕਤ ਦੇ ਵਿੱਚ ਆਈ। ਬਾਕੀ ਰਹਿੰਦੇ ਮੁਲਜ਼ਮਾਂ ਨੂੰ ਵੀ ਅੱਜ ਫੜ ਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ। ਇਸ ’ਤੇ ਜਥੇਬੰਦੀ ਤੇ ਪਿੰਡ ਵਾਸੀਆਂ ਨੇ ਅੰਦੋਲਨ ਸਮਾਪਤ ਕਰ ਦਿੱਤਾ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਜੋਗਿੰਦਰ ਸਿੰਘ ਦਿਆਲਪੁਰਾ, ਸਾਧੂ ਸਿੰਘ ਨੇ ਵੀ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All