Muktsar Sahib news: ਸੜਕਾਂ ’ਤੇ ਸੀਵਰੇਜ ਦਾ ਪਾਣੀ ਰੋਕਣ ਲਈ ਬਣਨ ਲੱਗੇ ‘ਧੁੱਸੀ ਬੰਨ੍ਹ’
ਸਾਲ ਪਹਿਲਾਂ ਜਾਰੀ ਹੋਏ 92 ਲੱਖ ਰੁਪਏ ਹੋਏ ਮਿੱਟੀ; ਠੇਕੇਦਾਰ ਵੱਲੋਂ ਕੰਮ ਕਰਨ ਤੋਂ ਨਾਂਹ
ਕੋਟਕਪੂਰਾ-ਬਠਿੰਡਾ-ਮਲੋਟ ਬਾਈਪਾਸ (ਡਾਕਟਰ ਕੇਹਰ ਸਿੰਘ ਮਾਰਗ) ਦੇ ਨਿਰਮਾਣ ਵਾਸਤੇ ਪੰਜਾਬ ਮੰਡੀ ਬੋਰਡ ਵੱਲੋਂ ਸਾਲ ਪਹਿਲਾਂ 92 ਲੱਖ ਰੁਪਏ ਜਾਰੀ ਕੀਤੇ ਸਨ ਪਰ ਸਥਾਨਕ ਪ੍ਰਸ਼ਾਸਨ ਵੱਲੋਂ ਬਾਈਪਾਸ ’ਤੇ ਸੀਵਰੇਜ ਨਾ ਬਣਾਏ ਜਾਣ ਕਰ ਕੇ ਵਿਭਾਗ ਵੱਲੋਂ ਦਿੱਤੇ ਟੈਂਡਰ ਮੁਤਾਬਕ ਠੇਕੇਦਾਰ ਵੱਲੋਂ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਹੈ। ਇਸ ਕਰ ਕੇ ਬਾਈਪਾਸ ਦੇ ਨਿਰਮਾਣ ਦਾ ਕੰਮ ਠੰਡੇ ਬਸਤੇ ਵਿੱਚ ਪੈ ਗਿਆ ਹੈ। ਇਸ ਬਾਈਪਾਸ ’ਤੇ ਡਿਪਟੀ ਕਮਿਸ਼ਨਰ ਦਫਤਰ, ਜ਼ਿਲ੍ਹਾ ਅਦਾਲਤੀ ਕੰਪਲੈਕਸ, ਸਿਵਲ ਹਸਪਤਾਲ, ਚਾਲ੍ਹੀ ਮੁਕਤਿਆਂ ਦੀ ਯਾਦਗਾਰ ‘ਮੀਨਾਰ-ਏ-ਮੁਕਤਾ’, ਸਕੂਲ, ਹਸਪਤਾਲ, ਸੈਂਕੜੇ ਕਮਸ਼ੀਅਲ ਇਮਾਰਤਾਂ, ਸੈਂਟਰਲ ਪਲਾਜ਼ਾ, ਕਈ ਕਲੋਨੀਆਂ ਅਤੇ ਹਜ਼ਾਰਾਂ ਰਿਹਾਇਸ਼ੀ ਘਰ ਹਨ। ਇਸੇ ਬਾਈਪਾਸ ਤੋਂ ਭਾਰੇ ਵਾਹਨ ਵੀ ਲੰਘਦੇ ਹਨ।
ਸੀਵਰੇਜ ਦਾ ਕੋਈ ਪ੍ਰਬੰਧ ਨਾ ਹੋਣ ਕਰ ਕੇ ਸਾਰਾ ਪਾਣੀ ਬਾਈਪਾਸ ਉਪਰ ਆ ਜਾਂਦਾ ਹੈ ਅਤੇ ਬਾਈਪਾਸ ਅਕਸਰ ਟੁੱਟਿਆ ਰਹਿੰਦਾ ਹੈ। ਬਿਨਾਂ ਮੀਂਹ ਤੋਂ ਹੀ ਇਸ ਸੜਕ ਉਪਰ ਪਾਣੀ ਦੇ ਛੱਪੜ ਲੱਗੇ ਰਹਿੰਦੇ ਹਨ। ਜਦੋਂ ਕੋਈ ਵੀ ਆਈ ਪੀ ਆਉਂਦਾ ਹੈ ਕਿ ਪ੍ਰਸ਼ਾਸਨ ਵੱਲੋਂ ਕਦੇ ਮਿੱਟੀ ਪਾ ਕੇ ਅਤੇ ਕਦੇ ਲਾਕ ਟਾਈਲਾਂ ਦਾ ਫਰਸ਼ ਲਾ ਕੇ ਡੰਗ ਟਪਾਇਆ ਜਾਂਦਾ ਹੈ। ਹੁਣ ਤਾਂ ਹਾਲਤ ਇਹ ਹੈ ਸੀਵਰੇਜ ਦਾ ਗੰਦਾ ਪਾਣੀ ਸੜਕ ’ਤੇ ਆਉਣ ਤੋਂ ਰੋਕਣ ਲਈ ‘ਧੁੱਸੀ ਬੰਨ੍ਹ’ ਬਣਾਇਆ ਗਿਆ ਹੈ ਪਰ ਕੁੱਝ ਮਹੀਨਿਆਂ ਬਾਅਦ ਇਹ ਬੰਨ੍ਹ ਵੀ ਪਾਣੀ ਨੂੰ ਬੰਨਣ ਤੋਂ ਅਸਮਰਥ ਹੋ ਗਿਆ ਹੈ ਅਤੇ ਹੁਣ ਫਿਰ ਪਾਣੀ ਸੜਕ ’ਤੇ ਫਿਰਦਾ ਹੈ। ਇਸ ਨਾਲ ਸੜਕ ਉਪਰ ਡੂੰਘੇ ਖੱਡੇ ਬਣ ਗਏ ਹਨ, ਜਿਸ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਇਸ ਦੇ ਬਾਵਜੂੁਦ ਪ੍ਰਸ਼ਾਸਨ ਵੱਲੋਂ ਨਾ ਤਾਂ ਸੀਵਰੇਜ ਪਾਇਆ ਜਾ ਰਿਹਾ ਹੈ ਅਤੇ ਨਾ ਹੀ ਸੜਕ ਉਪਰ ਪਾਣੀ ਸਿੱਟਣ ਵਾਲੇ ਲੋਕਾਂ ਖਿਲਾਫ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਬਾਈਪਾਸ ’ਤੇ ਸੀਵਰੇਜ ਪਾ ਕੇ ਇਸ ਨੂੰ ਜਲਦੀ ਬਣਾਇਆ ਜਾਵੇ।

