Muktsar: ਗੁਦਾਮ ’ਚੋਂ ਉਡਦੀ ਸੁਸਰੀ ਕਾਰਨ ਲੋਕ ਔਖੇ
ਮੁਕਤਸਰ-ਅਬੋਹਰ ਰੋਡ ’ਤੇ ਸਥਿਤ ਪਿੰਡ ਰਹੂੜਿਆਂਵਾਲੀ ਵਿੱਚ ਪ੍ਰਾਈਵੇਟ ਕੰਪਨੀ ਦੇ ਵੇਅਰਹਾਊਸ ਵਿੱਚੋਂ ਦਿਨ-ਰਾਤ ਉਡਦੀ ਸੁਸਰੀ ਕਾਰਨ ਦੁਖੀ ਪਿੰਡ ਵਾਸੀਆਂ ਵੱਲੋਂ ਕਰੀਬ 11 ਦਿਨ ਤੋਂ ਲਾਏ ਧਰਨੇ ਉਪਰੰਤ ਉਪ ਮੰਡਲ ਮੈਜਿਸਟਰੇਟ ਗੁਰਕਿਰਨ ਸਿੰਘ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਆਪਣੇ ਦਫਤਰ ਵਿੱਚ...
ਮੁਕਤਸਰ-ਅਬੋਹਰ ਰੋਡ ’ਤੇ ਸਥਿਤ ਪਿੰਡ ਰਹੂੜਿਆਂਵਾਲੀ ਵਿੱਚ ਪ੍ਰਾਈਵੇਟ ਕੰਪਨੀ ਦੇ ਵੇਅਰਹਾਊਸ ਵਿੱਚੋਂ ਦਿਨ-ਰਾਤ ਉਡਦੀ ਸੁਸਰੀ ਕਾਰਨ ਦੁਖੀ ਪਿੰਡ ਵਾਸੀਆਂ ਵੱਲੋਂ ਕਰੀਬ 11 ਦਿਨ ਤੋਂ ਲਾਏ ਧਰਨੇ ਉਪਰੰਤ ਉਪ ਮੰਡਲ ਮੈਜਿਸਟਰੇਟ ਗੁਰਕਿਰਨ ਸਿੰਘ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਆਪਣੇ ਦਫਤਰ ਵਿੱਚ ਸੱਦ ਕੇ ਪੰਜ ਦਿਨਾਂ ਵਿੱਚ ਸਮੱਸਿਆ ਹੱਲ ਕਰਨ ਦਾ ਆਦੇਸ਼ ਦਿੱਤਾ ਹੈ।
ਇਸ ਮੌਕੇ ਪਿੰਡ ਦੇ ਸਰਪੰਚ ਜੱਸਲ ਸਿੰਘ, ਪੰਚ ਸ਼ਿੰਦਰ ਸਿੰਘ, ਬਲਕਰਨ ਸਿੰਘ, ਗੁਰਵਿੰਦਰ ਸਿੰਘ, ਸਾਬਕਾ ਸਰਪੰਚ ਮੰਦਰ ਸਿੰਘ, ਪੰਚ ਪਰਵਿੰਦਰ ਸਿੰਘ, ਮਾਸਟਰ ਸੁਖਦੇਵ ਰਾਮ, ਚੇਅਰਮੈਨ ਬਲਾਕ ਸਮਿਤੀ ਜਗਦੇਵ ਸਿੰਘ ਅਤੇ ਗੋਰਾ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਕੰਪਨੀ ਵੱਲੋਂ ਪਿੰੰਡ ਵਿੱਚ ਬਣਾਏ ਗੁਦਾਮ ਵਿੱਚੋਂ ਸੁਸਰੀ ਉੱਡਦੀ ਰਹਿੰਦੀ ਹੈ। ਇਸ ਕਾਰਨ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਹਨ। ਰਾਤ ਨੂੰ ਸੌਣਾ ਵੀ ਔਖਾ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਗੁਦਾਮ ਵਿੱਚ 1044 ਢੇਰਾਂ ਵਿੱਚ ਬੋਰੀਆਂ ਰੱਖੀਆਂ ਹਨ ਪਰ ਬਹੁਤੀਆਂ ਨੰਗੀਆਂ ਹਨ। ਇਸ ਕਾਰਨ ਸੁਸਰੀ ਉਡਦੀ ਹੈ। ਇੱਥੇ ਕੀੜੇਮਾਰ ਦਵਾਈਆਂ ਦਾ ਛਿੜਕਾਅ ਨਹੀਂ ਕੀਤਾ ਜਾਂਦਾ ਹੈ। ਸਟਾਫ ਵੀ ਬਹੁਤ ਘੱਟ ਹੈ।
ਐੱਸ ਡੀ ਐੱਮ ਨੇ ਜ਼ਿਲ੍ਹਾ ਖ਼ੁਰਾਕ ਦੇ ਸਪਲਾਈ ਕੰਟਰੋਲਰ ਰਾਹੀਂ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ 5 ਦਿਨਾਂ ਦੇ ਅੰਦਰ-ਅੰਦਰ ਸੁਸਰੀ ਨੂੰ ਕੰਟਰੋਲ ਕਰਨ ਲਈ ਹਰ ਲੋੜੀਂਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਵਾਸਤੇ ਕਮੇਟੀ ਵੀ ਕਾਇਮ ਕੀਤੀ ਗਈ ਹੈ। ਭਵਿੱਖ ਵਾਸਤੇ ਪੱਕੇ ਤੌਰ ’ਤੇ ਸੁਸਰੀ ਦਾ ਖ਼ਾਤਮਾ ਕਰਨ ਲਈ ਢੇਰਾਂ ਨੂੰ ਨਵੀਆਂ ਤਰਪਾਲਾਂ ਨਾਲ ਢਕਿਆ ਜਾਵੇ, ਸਟਾਫ ਪੂਰਾ ਰੱਖਿਆ ਜਾਵੇ ਅਤੇ ਕੀੜੇਮਾਰ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ।

