ਅੱਗ ਲੱਗਣ ਕਾਰਨ ਦੋ ਸੌ ਤੋਂ ਵੱਧ ਏਕੜ ਨਾੜ ਤੇ ਤੂੜੀ ਸੜੀ
ਦਸ ਹਜ਼ਾਰ ਪ੍ਰਤੀ ਏਕਡ਼ ਮੁਆਵਜ਼ਾ ਦੇਣ ਅਤੇ ਕਰੀਵਾਲਾ ’ਚ ਫਾਇਰ ਬ੍ਰਿਗੇਡ ਦਫ਼ਤਰ ਖੋਲ੍ਹਣ ਦੀ ਮੰਗ
ਇਥੋਂ ਦੇ ਪਿੰਡ ਕਰੀਵਾਲਾ ਤੇ ਬਣੀ ਦੇ ਖੇਤਾਂ ਵਿੱਚ ਲੱਗੀ ਅੱਗ ਕਾਰਨ ਦੋ ਸੌ ਤੋਂ ਵੱਧ ਕਿਲਿਆਂ ਦਾ ਨਾੜ ਤੇ ਕਈ ਏਕੜ ਦੀ ਬਣੀ ਤੂੜੀ ਸੜ ਗਈ। ਕਿਸਾਨਾਂ ਨੇ ਦਸ ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਆਲ ਇੰਡੀਆ ਕਿਸਾਨ ਸਭਾ (ਅਜੈ ਭਵਨ) ਦੇ ਸਰਪ੍ਰਸਤ ਸੁਰਵਰਨ ਸਿੰਘ ਵਿਰਕ ਨੇ ਦੱਸਿਆ ਹੈ ਕਿ ਬੀਤੇ ਦਿਨੀਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਚੋਂ ਨਿਕਲੀ ਅੱਗ ਦੀ ਚਿੰਗਆਰੀ ਨਾਲ ਨਾੜ ਨੂੰ ਅੱਗ ਲੱਗ ਗਈ ਜਿਸ ਨਾਲ ਦੋ ਸੌ ਤੋਂ ਢਾਈ ਸੌ ਕਿੱਲੇ ਕਣਕ ਦਾ ਨਾੜ ਤੇ ਤੂੜੀ ਸੜ ਗਈ। ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ 112 ਡਾਇਲ ’ਤੇ ਪੁਲੀਸ ਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਪਰ ਫਾਇਰ ਟੈਂਡਰ ਦੇ ਪਹੁੰਚਣ ਤੱਕ ਕਰੀਬ ਢਾਈ ਸੌ ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਕਿਸਾਨ ਹਰਪ੍ਰੀਤ ਸਿੰਘ ਨੇ ਕਾਫੀ ਨਾੜ ਮੁੱਲ ਲੈ ਕੇ ਤੂੜੀ ਬਣਾਈ ਸੀ ਜੋ ਅੱਗ ਨਾਲ ਸੜ ਗਈ। ਉਨ੍ਹਾਂ ਨੇ ਦੱਸਿਆ ਕਿ ਪਿੰਡ ਕਰੀਵਾਲਾ ਤੇ ਹਾਰਨੀ ਦੇ ਲੋਕਾਂ ਨੇ ਕਾਫੀ ਜਦੋ-ਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਫਾਇਰ ਕਰਮਚਾਰੀਆਂ ਦੀ ਹੜਤਾਲ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਕਾਫੀ ਲੇਟ ਪਹੁੰਚਣ ਕਾਰਨ ਵੱਧ ਨੁਕਸਾਨ ਹੋਇਆ ਹੈ। ਕਿਸਾਨ ਸਭਾ ਦੇ ਆਗੂ ਨੇ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਬਿਜਲੀ ਦੀਆਂ ਢਿੱਲੀਆਂ ਤਾਰਾਂ ਕਸੀਆਂ ਜਾਣ। ਪਿੰਡ ਵਿੱਚ ਫਾਇਰ ਬ੍ਰਿਗੇਡ ਦਾ ਦਫ਼ਤਰ ਖੋਲ੍ਹ ਕੇ ਗੱਡੀ ਮੁਹੱਈਆ ਕਰਵਾਈ ਜਾਏ ਤਾਂ ਜੋ ਰਾਜਸਥਾਨ ਦੀ ਹੱਦ ਨਾਲ ਵਸੇ ਇੱਕ ਦਰਜਨ ਤੋਂ ਵੱਧ ਪਿੰਡਾਂ ਨੂੰ ਇਸ ਦਾ ਫਾਇਦਾ ਹੋ ਸਕੇ।

