
ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਮਈ
ਇਥੇ ਨਵੀਂ ਅਨਾਜ ਮੰਡੀ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਪੱਧਰੀ ਰੈਲੀ ਵਿਚ ਸੂਬੇ ਦੇ ਤਿੰਨੋਂ ਖਿੱਤਿਆਂ ਮਾਝਾ, ਮਾਲਵਾ ਅਤੇ ਦੋਆਬਾ ਦੇ ਪੰਦਰਾਂ ਜ਼ਿਲ੍ਹਿਆਂ ਤੋਂ ਹਜਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਮੂਲੀਅਤ ਕੀਤੀ। ਰੈਲੀ ਵਿਚ ਖੇਤੀ ਦੇ ਬਦਲਵੇਂ ਮਾਡਲ,ਕਰਜਾ ਮੁਆਫ਼ੀ, ਦਰਿਆਈ ਪਾਣੀਆਂ,ਵਪਾਰ ਲਈ ਭਾਰਤ -ਪਾਕਿ ਸਰਹੱਦ ਖੋਲ੍ਹਣ,ਐੱਮਐੱਸਪੀ ਦੀ ਕਾਨੂੰਨੀ ਗਾਰੰਟੀ,ਹਰ ਖੇਤ ਤੱਕ ਨਹਿਰੀ ਪਾਣੀ ਅਤੇ ਪੀਣ ਲਈ ਸ਼ੁੱਧ ਪਾਣੀ ਦੀ ਮੰਗ ਵਿਸਾਲ ਰੈਲੀ ਦਾ ਕੇਂਦਰ ਬਿੰਦੂ ਰਹੇ। ਇਸ ਮੌਕੇ ਭਾਜਪਾ ਸਰਕਾਰ ਵੱਲੋਂ ਫੈਡਰਲ ਢਾਂਚੇ ਨੂੰ ਢਾਹ ਲਾ ਕੇ ਸੂਬੇ ਦੇ ਅਧਿਕਾਰਾਂ ’ਤੇ ਮਾਰੇ ਜਾ ਰਹੇ ਡਾਕੇ ’ਤੇ ਵੀ ਚਰਚਾ ਹੋਈ।
ਸਟੇਜ ਤੋਂ ਖੇਤ ਮਜਦੂਰਾਂ, ਔਰਤਾਂ ਦੇ ਬਰਾਬਰੀ ਹੱਕਾਂ ਤੇ ਜਾਤ-ਪਾਤ ਨਿਰਲੇਪ ਭਾਈਚਾਰੇ ਸੱਦਾ ਦਿੱਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਹਰਮੇਸ਼ ਸਿੰਘ ਢੇਸੀ, ਸਤਿਬੀਰ ਸਿੰਘ ਸੁਲਤਾਨੀ ਅਤੇ ਔਰਤ ਕਿਸਾਨ ਆਗੂ ਛਿੰਦਰਪਾਲ ਕੌਰ ਰੋਡੇ ਨੇ ਸੂਬਾ ਸਰਕਾਰ ਨੂੰ ਦਰਿਆਈ ਪਾਣੀ ਦੇ ਮਸਲੇ ਤੇ ਲੋਕਾਂ ਦੇ ਜਜ਼ਬਾਤ ਨਾਲ ਖੇਡਣ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ।
ਇਸ ਮੌਕੇ ਸੂਬਾ ਆਗ ਆਗੂ ਰਾਮਿੰਦਰ ਸਿੰਘ ਪਟਿਆਲਾ, ਜਸਵਿੰਦਰ ਸਿੰਘ ਝਬੇਲਵਾਲੀ, ਉੱਘੇ ਚਿੰਤਕ ਤੇ ਲੇਖਕ ਰਾਕੇਸ਼ ਕੁਮਾਰ ਸੁਨਾਮ ਸ਼ਹੀਦ ਉਧਮ ਸਿੰਘ ਵਾਲਾ,ਨੌਜਵਾਨ ਭਾਰਤ ਸਭਾ ਆਗੂ ਕਰਮਜੀਤ ਕੋਟਕਪੂਰਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਰਿਆਈ ਪਾਣੀ ਲਈ ਰਾਜਸਥਾਨ ਕਥਿਤ ਗੁਪਤ ਸਮਝੌਤਾ ਕਿਸਾਨਾਂ ਨਾਲ ਨਹੀਂ ਸਗੋਂ ਸੂਬੇ ਦੇ ਲੋਕਾਂ ਨਾਲ ਧੋਖਾ ਹੈ। ਔਰਤ ਵਿੰਗ ਦੀ ਸੂਬਾ ਆਗੂ ਹਰਦੀਪ ਕੌਰ ਕੋਟਲਾ ਅਤੇ ਸੂਬਾ ਆਗੂ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਗੁਜਰਾਤ ਦੇ ਰਸਤੇ ਤਾਂ ਪਾਕਿਸਤਾਨ ਨਾਲ ਵਪਾਰ ਕਰ ਰਹੀ ਹੈ ਪ੍ਰੰਤੂ ਪੰਜਾਬ ਤੋਂ ਸੜਕੀ ਲਾਂਘੇ ਰਾਹੀਂ ਪਾਕਿਸਤਾਨ ਨਾਲ ਵਪਾਰ ’ਤੇ ਪਾਬੰਦੀਆਂ ਲਗਾ ਕੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਅਟਾਰੀ ਅਤੇ ਹੁਸੈਨੀਵਾਲਾ ਲਾਂਘੇ ਖੋਲ੍ਹਣ ਦੀ ਮੰਗ ਕਰਦੇ ਹੋਏ ਕਿਹਾ ਕਿ ਉਪਰੋਕਤ ਲਾਂਘਿਆਂ ਰਾਹੀਂ ਪੱਛਮ ਏਸ਼ੀਆ ਨਾਲ ਸੜਕੀ ਵਪਾਰ ਖੁੱਲ੍ਹ ਜਾਵੇ ਤਾਂ ਇਕੱਲੇ ਪੰਜਾਬ ਹੀ ਨਹੀਂ ਸਗੋਂ ਸਾਰੇ ਉੱਤਰੀ ਭਾਰਤ ਦੇ ਕਿਸਾਨਾਂ ਨੂੰ ਇਸ ਦਾ ਵੱਡਾ ਲਾਭ ਹੋ ਸਕਦਾ ਹੈ। ਰੈਲੀ ਵਿੱਚ ਸੂਬਾ ਆਗੂ ਸੰਤੋਖ ਸਿੰਘ ਸੰਧੂ, ਬਲਵਿੰਦਰ ਸਿੰਘ ਭੁੱਲਰ, ਤਰਸੇਮ ਸਿੰਘ ਬੰਨੇਮਲ, ਜਰਨੈਲ ਸਿੰਘ ਜਹਾਂਗੀਰ, ਭੁਪਿੰਦਰ ਸਿੰਘ ਲੌਂਗੋਵਾਲ, ਜਗਤਾਰ ਸਿੰਘ ਭਿੰਡਰ, ਭੁਪਿੰਦਰ ਸਿੰਘ ਵੜੈਚ, ਸੁਖਚੈਨ ਸਿੰਘ, ਸੁਖਦੇਵ ਸਿੰਘ ਸਹਿੰਸਰਾ, ਨਛੱਤਰ ਸਿੰਘ ਤਰਨਤਾਰਨ, ਬਲਵਿੰਦਰ ਸਿੰਘ ਅਤੇ ਚਮਕੌਰ ਸਿੰਘ ਰੋਡੇ ਨੇ ਸੰਬੋਧਨ ਵੀ ਕੀਤਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ