ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਸਤੰਬਰ
ਸੂਬੇ ਵਿਚ ਅਣ-ਅਧਿਕਾਰਤ ਕਲੋਨੀਆਂ ਕੱਟਣ ਉੱਤੇ ਸਖ਼ਤ ਪਾਬੰਦੀ ਹੋਣ ਬਾਵਜੂਦ ਇਥੇ ਭੂ-ਮਾਫ਼ੀਆ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਕੱਟੀਆਂ ਜਾ ਰਹੀਆਂ ਨਵੀਆਂ ਗੈਰਕਾਨੂੰਨੀ ਕਲੋਨੀਆਂ ’ਤੇ ਨਗਰ ਨਿਗਮ ਕਮਿਸ਼ਨਰ ਨੇ ਸਖ਼ਤ ਕਾਰਵਾਈ ਕਰਦਿਆਂ ਬੁਲਡੋਜ਼ਰ ਚਲਾ ਦਿੱਤਾ। ਇਸ ਦੌਰਾਨ ਪ੍ਰਾਪਟੀ ਡੀਲਰਾਂ ਵੱਲੋਂ ਨਿਗਮ ਅਧਿਕਾਰੀਆਂ ਨਾਲ ਹੱਥੋਪਾਈ ਹੋਣ ਮਗਰੋਂ ਮਾਹੌਲ ਤਣਾਅ ਪੂਰਨ ਬਣ ਗਿਆ ਤੇ ਮੌਕੇ ’ਤੇ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ। ਨਗਰ ਨਿਗਮ ਕਮਿਸ਼ਨਰ ਪੂਨਮ ਸਿੰਘ ਨੇ ਕਿਹਾ ਕਿ ਨਿਗਮ ਅਧਿਕਾਰੀਆਂ ਨਾਲ ਹੱਥੋ ਪਾਈ ਕਰਨ ਵਾਲੇ ਪ੍ਰਾਪਰਟੀ ਡੀਲਰ ਸੁਭਾਸ਼ ਸਹਿਗਲ ਆਦਿ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦੋ ਗੈਰਕਾਨੂੰਨੀ ਕਲੋਨੀਆਂ ਢਾਹੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸੂਬਾ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਗੈਰ ਕਾਨੂੰਨੀ ਕਲੋਨੀਆਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਗੈਰ ਕਾਨੂੰਨੀ ਕਲੋਨੀ ’ਚ ਮਕਾਨ ਆਦਿ ਦਾ ਨਕਸ਼ਾ ਪਾਸ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਾਨੂੰਨ ਦੀ ਉਲੰਘਣਾ ਕਰਕੇ ਗੈਰ ਕਾਨੂੰਨੀ ਕਲੋਨੀ ਉਸਾਰਨ ’ਤੇ ਕੇਸ ਦਰਜ ਕੀਤਾ ਜਾਵੇਗਾ।
ਇਸ ਮੌਕੇ ਪ੍ਰਾਪਰਟੀ ਡੀਲਰ ਸੁਭਾਸ਼ ਸਹਿਗਲ ਨੇ ਕਿਹਾ ਕਿ ਉਹ ਕਾਨੂੰਨ ਦਾਇਰੇ ਅੰਦਰ ਪਲਾਟ ਕੱਟ ਰਿਹਾ ਹੈ। ਨਿਗਮ ਅਧਿਕਾਰੀਆਂ ਵੱਲੋਂ ਉਸ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ। ਉਸ ਨਾਲ ਨਿਗਮ ਅਧਿਕਾਰੀਆਂ ਵੱਲੋਂ ਧੱਕੇਸ਼ਾਹੀ ਕੀਤੀ ਗਈ ਹੈ। ਸ਼ਹਿਰਾਂ ਅੰਦਰ ਵਧਦੀ ਅਬਾਦੀ ਨੇ ਜ਼ਮੀਨਾਂ ਦੇ ਰੇਟ ਨੂੰ ਇਸ ਕਦਰ ਵਧਾ ਦਿੱਤਾ ਕਿ ਆਮ ਆਦਮੀ ਆਪਣੇ ਸੁਫ਼ਨਿਆਂ ਦਾ ਆਸ਼ਿਆਨਾ ਬਣਾਉਣ ਦੀ ਸੋਚ ਵੀ ਨਹੀਂ ਸਕਦਾ, ਪਰ ਜ਼ਮੀਨਾਂ ਦੇ ਚੜ੍ਹੇ ਰੇਟਾਂ ਨੇ ਭੂ-ਮਾਫੀਆ ਚ ਕਾਫੀ ਵਾਧਾ ਕੀਤਾ ਹੈ ਤੇ ਹਰ ਵਿਅਕਤੀ ਆਪਣੇ-ਆਪ ਨੂੰ ਪ੍ਰਾਪਰਟੀ ਡੀਲਰ ਦੱਸ ਕੇ ਆਮ ਆਦਮੀ ਦੀ ਲੁੱਟ ਕਰ ਰਿਹਾ ਹੈ। ਭੂ-ਮਾਫੀਆ ਨੇ ਸ਼ਹਿਰਾਂ ’ਚ ਗੈਰਕਾਨੂੰਨੀ ਕਲੋਨੀਆਂ ਦਾ ਜਾਲ ਵਿਛਾ ਦਿੱਤਾ। ਕੋਈ ਵੀ ਪ੍ਰਮੋਟਰ ਬਿਨਾਂ ਲਾਇਸੈਂਸ ਦੇ ਪ੍ਰਾਪਰਟੀ ਦੀ ਖਰੀਦ ਵੇਚ ਨਹੀਂ ਕਰ ਸਕਦਾ ਤੇ ਨਾ ਹੀ ਖੇਤੀਬਾੜੀ ਵਾਲੀ ਜ਼ਮੀਨ ਨੂੰ ਤਬਦੀਲ ਕਰਵਾਏ ਬਿਨਾਂ ਕਲੋਨੀ ਕੱਟੀ ਜਾ ਸਕਦੀ ਹੈ।