Moga: ਟਰੱਕ ਹੇਠਾਂ ਆਉਣ ਕਾਰਨ ਵਿਦਿਆਰਥੀ ਦੀ ਮੌਤ
ਪਰਿਵਾਰ ਅਤੇ ਪਿੰਡ ਵਾਸੀਆਂ ਨੇ ਨਸ਼ੇ ਦੇ ਸਬੂਤ ਮਿਟਾੳੁਣ ਲਈ ਡਰਾਈਵਰ ਨੂੰ ਸੀਮੈਂਟ ਦਾ ਮਾਲ ਉਤਾਰਨ ਦੀ ਖੁੱਲ੍ਹ ਦੇਣ ਦਾ ਪੁਲੀਸ 'ਤੇ ਲਾਇਆ ਦੋਸ਼; ਡੀਐੱਸਪੀ ਵੱਲੋਂ ਨਿਰਪੱਖ ਜਾਂਚ ਦਾ ਭਰੋਸਾ
ਇੱਥੋਂ ਦੇ ਚੜਿੱਕ ਪਿੰਡ ਵਿੱਚ ਸਕੂਲੋਂ ਘਰ ਪਰਤ ਰਹੇ 17 ਸਾਲਾ ਬਾਰ੍ਹਵੀਂ ਜਮਾਤ ਦੇ ਇੱਕ ਵਿਦਿਆਰਥੀ ਦੀ ਸੀਮਿੰਟ ਨਾਲ ਲੱਦੇ ਟਰੱਕ ਦੇ ਪਹੀਏ ਹੇਠਾਂ ਆਉਣ ਕਾਰਨ ਦਰਦਨਾਕ ਮੌਤ ਹੋ ਗਈ, ਜਿਸ ਕਾਰਨ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਫੈਲ ਗਿਆ। ਉਨ੍ਹਾਂ ਨੇ ਸਥਾਨਕ ਪੁਲੀਸ 'ਤੇ ਡਰਾਈਵਰ ਨੂੰ ਬਚਾਉਣ ਅਤੇ ਸਬੂਤਾਂ ਨਾਲ ਛੇੜਛਾੜ ਕਰਨ ਵਿੱਚ ਮਦਦ ਕਰਨ ਦਾ ਦੋਸ਼ ਲਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ।
ਮ੍ਰਿਤਕ ਦੀ ਪਛਾਣ ਚੜਿੱਕ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਹਾਦਸੇ ਵੇਲੇ ਟਰੱਕ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਉਸ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ, ਜਿਸ ਨਾਲ ਵਿਦਿਆਰਥੀ ਨੂੰ ਦਰੜ ਦਿੱਤਾ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।
ਹਾਦਸੇ ਤੋਂ ਤੁਰੰਤ ਬਾਅਦ ਪੀੜਤ ਪਰਿਵਾਰ ਅਤੇ ਵਸਨੀਕ ਚੜਿੱਕ ਪੁਲੀਸ ਚੌਂਕੀ ਬਾਹਰ ਇਕੱਠੇ ਹੋਏ ਅਤੇ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਲਾ ਦਿੱਤਾ। ਪ੍ਰਦਰਸ਼ਨ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਪ੍ਰਦਰਸ਼ਨਕਾਰੀਆਂ ਨੇ ਪੁਲੀਸ 'ਤੇ ਟਰੱਕ ਮਾਲਕ ਅਤੇ ਡਰਾਈਵਰ ਨਾਲ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਕਬਜ਼ੇ ਵਿੱਚ ਲਈ ਗਈ ਗੱਡੀ ਵਿੱਚੋਂ ਸੀਮਿੰਟ ਦਾ ਮਾਲ ਉਤਾਰਨ ਦੀ ਇਜਾਜ਼ਤ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਦਾ ਦਾਅਵਾ ਸੀ ਕਿ ਇਹ ਡਰਾਈਵਰ ਦੇ ਨਸ਼ੇ ਵਿੱਚ ਹੋਣ ਅਤੇ ਹਾਦਸੇ ਦੇ ਹਾਲਾਤਾਂ ਨੂੰ ਸਾਬਤ ਕਰਨ ਵਾਲੇ ਸਬੂਤਾਂ ਨੂੰ ਖ਼ਤਮ ਕਰਨ ਦੀ ਇੱਕ ਜਾਣਬੁੱਝ ਕੇ ਕੀਤੀ ਗਈ ਚਾਲ ਸੀ।
ਇਲਾਕੇ ਵਿੱਚ ਤਣਾਅ ਵਧਣ 'ਤੇ ਡੀਐੱਸਪੀ ਬਾਘਾਪੁਰਾਣਾ ਜਤਿੰਦਰ ਸਿੰਘ ਮੌਕੇ 'ਤੇ ਪੁੱਜੇ ਅਤੇ ਗੁਸੇ ਵਿੱਚ ਆਈ ਭੀੜ ਨੂੰ ਸ਼ਾਂਤ ਕੀਤਾ। ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਡਰਾਈਵਰ ਦੇ ਨਸ਼ੇ ਵਿੱਚ ਹੋਣ ਦੇ ਦੋਸ਼ਾਂ ਅਤੇ ਮੌਕੇ 'ਤੇ ਮੌਜੂਦ ਪੁਲੀਸ ਮੁਲਾਜ਼ਮਾਂ ਦੀ ਭੂਮਿਕਾ ਸਮੇਤ ਸਾਰੇ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਡੀਐੱਸਪੀ ਨੇ ਕਿਹਾ ਕਿ ਸਬੂਤਾਂ ਨਾਲ ਛੇੜਛਾੜ ਜਾਂ ਡਿਊਟੀ ਵਿੱਚ ਕੋਤਾਹੀ ਦੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਪੁਲੀਸ ਅਧਿਕਾਰੀ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੈਡੀਕਲ ਜਾਂਚ ਰਿਪੋਰਟ ਅਤੇ ਘਟਨਾਕ੍ਰਮ ਦੀ ਵਿਸਤ੍ਰਿਤ ਜਾਂਚ ਸਮੇਤ ਅੱਗੇ ਦੀ ਕਾਰਵਾਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਦਿਸ਼ਾ ਤੈਅ ਕਰੇਗੀ। ਸੀਨੀਅਰ ਪੁਲੀਸ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਪ੍ਰਦਰਸ਼ਨ ਆਖ਼ਰਕਾਰ ਸਮਾਪਤ ਕਰ ਦਿੱਤਾ ਗਿਆ, ਹਾਲਾਂਕਿ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਜਾਂਚ ਪਾਰਦਰਸ਼ੀ ਢੰਗ ਨਾਲ ਨਾ ਕੀਤੀ ਗਈ ਤਾਂ ਉਹ ਇਨਸਾਫ਼ ਲਈ ਆਪਣਾ ਸੰਘਰਸ਼ ਜਾਰੀ ਰੱਖਣਗੇ।

