moga: ਕੌਂਸਲਰ ਦੀ ਕੋਠੀ ’ਚ ਚੱਲ ਰਿਹਾ ਦੇਹ ਵਪਾਰ ਬੇਨਕਾਬ
ਅਕਾਲੀ ਕੌਂਸਲਰ ਸਮੇਤ ਸੱਤ ਗ੍ਰਿਫ਼ਤਾਰ; ਔਰਤਾਂ ਨੂੰ ਨਾਰੀ ਨਿਕੇਤਨ ਭੇਜਿਆ
ਇੱਥੇ ਥਾਣਾ ਮਹਿਣਾ ਦੀ ਪੁਲੀਸ ਨੇ ਹੋਟਲ ਦੀ ਆੜ ’ਚ ਇੱਕ ਅਕਾਲੀ ਕੌਂਸਲਰ ਦੀ ਕੋਠੀ ’ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਨੂੰ ਬੇਨਕਾਬ ਕੀਤਾ ਹੈ। ਪੁਲੀਸ ਟੀਮ ਵੱਲੋਂ ਮਾਰੇ ਗਏ ਛਾਪੇ ’ਚ ਇਕ ਨਾਬਾਲਗ ਸਣੇ 14 ਕੁੜੀਆਂ ਅਤੇ ਕੌਂਸਲਰ ਸਮੇਤ 7 ਪੁਰਸ਼ਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਡੀ ਐੱਸ ਪੀ ਧਰਮਕੋਟ ਜਸਵਰਿੰਦਰ ਸਿੰਘ ਅਤੇ ਥਾਣਾ ਮਹਿਣਾ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਛਾਪੇ ਦੌਰਾਨ 14 ਲੜਕੀਆਂ ਅਤੇ 7 ਮਰਦਾਂ ਨੂੰ ਮੌਕੇ ’ਤੇ ਹਿਰਾਸਤ ਵਿੱਚ ਲਿਆ ਗਿਆ। ਫੜੀਆਂ ਗਈਆਂ ਲੜਕੀਆਂ ਵਿੱਚ ਇੱਕ ਨਾਬਾਲਗ ਲੜਕੀ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕੌਂਸਲਰ ਜਗਜੀਤ ਸਿੰਘ ਉਰਫ਼ ਜੀਤਾ, ਲਖਵਿੰਦਰ ਸਿੰਘ ਵਾਸੀ ਬੇਗੂਵਾਲਾ, ਬਲਵੀਰ ਸਿੰਘ ਵਾਸੀ ਰਾਮੂੰਵਾਲਾ ਕਲਾਂ, ਗੁਰਸੇਵਕ ਸਿੰਘ ਵਾਸੀ ਬਸਤੀ ਸਾਧਾਂ ਵਾਲੀ, ਮੋਗਾ, ਜਗਦੀਸ਼ ਸਿੰਘ ਅਤੇ ਗਗਨਪ੍ਰੀਤ ਸਿੰਘ ਦੋਵੇਂ ਵਾਸੀ ਪਿੰਡ ਜੋਗੇਵਾਲਾ ਅਤੇ ਪਵਨਦੀਪ ਸਿੰਘ ਪਿੰਡ ਡਾਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਤਲਾਹ ਉੱਤੇ ਇਹ ਛਾਪਾ ਮਾਰਿਆ ਗਿਆ ਸੀ। ਨਾਬਾਲਗ ਲੜਕੀ ਦਾ ਬਿਆਨ ਅਦਾਲਤ ਵਿਚ ਦਰਜ ਕਰਵਾਇਆ ਗਿਆ ਹੈ ਅਤੇ ਬਾਕੀ ਔਰਤਾਂ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਗਿਆ ਹੈ। ਪੁਲੀਸ ਮੁਤਾਬਕ ਇਹ ਧੰਦਾ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਸੀ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

