ਮੋਗਾ ਪੁਲੀਸ ਨੇ 12 ਕਿਲੋ ਹੈਰੋਇਨ ਸਮੇਤ 3 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
ਸਰਹੱਦ ਪਾਰ ਤੋਂ ਨਸ਼ਿਆਂ ਦੀ ਤਸਕਰੀ ਦਾ ਹੋਇਆ ਖ਼ੁਲਾਸਾ
ਜ਼ਿਲ੍ਹਾ ਪੁਲੀਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਚੱਲਦਿਆਂ ਇੱਕ ਵੱਡੀ ਪ੍ਰਾਪਤੀ ਕਰਨ ਦਾ ਦਾਅਵਾ ਕੀਤਾ ਹੈ। ਜ਼ਿਲ੍ਹੇ ਦੇ ਕਾਊਂਟਰ ਇੰਟੈਲੀਜੈਂਸ ਸੈੱਲ ਦੇ ਮੁਖੀ ਇੰਸਪੈਕਟਰ ਦਲਜੀਤ ਸਿੰਘ ਬਰਾੜ ਨੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 12 ਕਿਲੋ ਹੈਰੋਇਨ ਬਰਾਮਦ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲੀਸ ਕਪਤਾਨ ਅਜੇ ਰਾਜ ਸਿੰਘ ਨੇ ਦੱਸਿਆ ਕਿ ਡੀ.ਐੱਸ.ਪੀ. (ਡੀ) ਜਤਿੰਦਰ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ਼ ਦੇ ਮੁਖੀ ਇੰਸਪੈਕਟਰ ਦਲਜੀਤ ਸਿੰਘ ਬਰਾੜ ਨੇ ਥਾਣਾ ਅਜੀਤਵਾਲ ਦੇ ਘੇਰੇ ਵਿੱਚੋਂ ਸਪੈਸ਼ਲ ਨਾਕਾਬੰਦੀ ਦੌਰਾਨ ਇੱਕ ਬਿਨਾਂ ਨੰਬਰੀ ਸਵਿਫ਼ਟ ਕਾਰ ਦੀ ਤਲਾਸ਼ੀ ਦੌਰਾਨ ਹੈਰੋਇਨ ਦੀ ਇਹ ਵੱਡੀ ਖੇਪ ਬਰਾਮਦ ਕੀਤੀ ਹੈ।
ਕਾਰ ਸਵਾਰ ਤਿੰਨ ਨਸ਼ਾ ਤਸਕਰਾਂ ਨੇ ਮੰਨਿਆ ਕਿ ਉਹ ਇਸ ਨਸ਼ੇ ਦੀ ਸਪਲਾਈ ਕਰਨ ਆਏ ਸਨ। ਇਨ੍ਹਾਂ ਵਿੱਚੋਂ ਦੋ ਤਸਕਰ ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ ਦੇ ਰਹਿਣ ਵਾਲੇ ਹਨ, ਜੋ ਸਰਹੱਦ ਪਾਰ ਤੋਂ ਹੈਰੋਇਨ ਦੀ ਸਪਲਾਈ ਲੈ ਕੇ ਪੰਜਾਬ ਦੇ ਵੱਖ-ਵੱਖ ਥਾਵਾਂ ਉੱਤੇ ਪਹੁੰਚਾਉਂਦੇ ਸਨ। ਇਨ੍ਹਾਂ ਤਸਕਰਾਂ ਦੀ ਸ਼ਨਾਖ਼ਤ ਬਲਜਿੰਦਰ ਸਿੰਘ ਅਤੇ ਸਲਾਵਰ ਸਿੰਘ ਵਜੋਂ ਹੋਈ ਹੈ। ਤੀਜਾ ਮੁਲਜ਼ਮ ਮਨਪ੍ਰੀਤ ਸਿੰਘ ਬੱਧਨੀ ਕਲਾਂ ਦਾ ਰਹਿਣ ਵਾਲਾ ਹੈ, ਜੋ ਇਨ੍ਹਾਂ ਤੋਂ ਨਸ਼ੇ ਦੀ ਸਪਲਾਈ ਪ੍ਰਾਪਤ ਕਰਕੇ ਅੱਗੇ ਪਹੁੰਚਾਉਂਦਾ ਸੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਵਿਰੁੱਧ ਥਾਣਾ ਅਜੀਤਵਾਲ ਵਿਖੇ ਮੁਕੱਦਮਾ ਦਰਜ ਕਰਕੇ ਦੋ ਦਿਨਾਂ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁਲਜ਼ਮਾਂ ਪਾਸੋਂ ਪੁੱਛਗਿੱਛ ਦੌਰਾਨ ਹੋਰ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲੀਸ ਮੁਖੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਅਸਰਦਾਰ ਢੰਗ ਨਾਲ ਚਲਾਇਆ ਜਾਵੇਗਾ।

