ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਮਾਰਚ
ਇਥੇ ਨਗਰ ਨਿਗਮ ਕੋਲ 3 ਸਾਲ ਤੋਂ ਪੀਣ ਦੇ ਪਾਣੀ ’ਚ ਮਿਲਾਉਣ ਵਾਲੀ ਦਵਾਈ ਖ਼ਤਮ ਹੈ ਅਤੇ ਆਮ ਲੋਕ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ। ਇਥੇ ਸਿਹਤ ਵਿਭਾਗ ਦੀ ਟੀਮ ਨੇ 24 ਨੰਬਰ ਵਾਰਡ ’ਚੋਂ ਪਾਣੀ ਦੇ ਨਮੂਨੇ ਲਏ ਸਨ ਜੋ ਫੇਲ੍ਹ ਹੋ ਗਏ ਹਨ। ਹਾਲਾਂਕਿ ਨਿਗਮ ਅਧਿਕਾਰੀਆਂ ਨੇ 27.66 ਲੱਖ ਰੁਪਏ ਵਿੱਚ ਦਵਾਈਆਂ ਖਰੀਦਣ ਦਾ ਵਰਕ ਆਰਡਰ ਜਾਰੀ ਕਰਨ ਦੀ ਗੱਲ ਆਖੀ ਹੈ।
ਜਾਣਕਾਰੀ ਮੁਤਾਬਕ ਸਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ 76 ਟਿਊਬਵੈੱਲ ਹਨ ਅਤੇ ਇਨ੍ਹਾਂ ਉੱਤੇ 51 ਡੋਜ਼ਰ ਲਾਏ ਗਏ ਹਨ ਅਤੇ ਇਨ੍ਹਾਂ ਡੋਜ਼ਰਾਂ ਰਾਹੀਂ ਹੀ ਸੋਡੀਅਮ ਹਾਈਪੋਕਲੋਰਾਈਟ ਨਾਮ ਦੀ ਦਵਾਈ ਨਿਗਮ ਵੱਲੋਂ ਸਪਲਾਈ ਕੀਤੇ ਜਾਂਦੇ ਪੀਣ ਦੇ ਪਾਣੀ ਵਿੱਚ ਮਿਲਾਈ ਜਾਂਦੀ ਹੈ। ਸ਼ਹਿਰ ਦੇ ਵਾਰਡ ਨੰਬਰ 24 ਇਲਾਕੇ ਵਿੱਚ ਪੀਣ ਵਾਲਾ ਪਾਣੀ ਦੂਸ਼ਿਤ ਆ ਰਿਹਾ ਸੀ ਅਤੇ ਲੋਕ ਬਿਮਾਰ ਹੋਣ ਲੱਗੇ ਤਾਂ ਸਿਹਤ ਵਿਭਾਗ ਦੀਆਂ ਟੀਮਾਂ ਨੇ ਇੱਥੇ ਕਲੋਰੀਨ ਦੀਆਂ ਗੋਲੀਆਂ ਅਤੇ ਓਆਰਐੱਸ ਘੋਲ ਵੰਡਿਆ। ਇਸ ਇਲਾਕੇ ਵਿਚੋਂ ਲਏ ਗਏ ਪੀਣ ਵਾਲੇ ਪਾਣੀ ਦੇ ਨਮੂਨੇ ਫੇਲ੍ਹ ਹੋ ਗਏ ਹਨ। ਨਿਗਮ ਵੱਲੋਂ ਪਹਿਲਾਂ ਟਵਿਨ ਆਕਸਾਈਡ ਦਵਾਈ ਖਰੀਦੀ ਗਈ ਤਾਂ ਸਤੰਬਰ 2023 ਵਿੱਚ, ਐਫਐਂਡਸੀਸੀ ਕਮੇਟੀ ਵਿੱਚ ਸਵਾਲ ਉੱਠੇ ਤਾਂ ਉਕਤ ਦਵਾਈ ਦੀ ਖਰੀਦ ਨੂੰ ਰੋਕ ਦਿੱਤਾ ਗਿਆ। ਹੁਣ ਫਿਰ ਇਹ ਸਵਾਲ ਉੱਠ ਰਿਹਾ ਹੈ ਕਿ ਸਿਰਫ਼ ਇੱਕ ਹੀ ਕੰਪਨੀ ਵੱਲੋਂ ਟੈਂਡਰ ਜਮ੍ਹਾਂ ਕਰਨ ਤੋਂ ਬਾਅਦ ਦਵਾਈ ਖਰੀਦਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ ਹੈ। ਐੱਫਐਂਡ ਸੀਸੀ ਮੀਟਿੰਗ ’ਚ ਇਹ ਵੀ ਮੁੱਦਾ ਚੁੱਕਿਆ ਗਿਆ ਕਿ ਦਵਾਈ ਖਰੀਦਣ ਤੋਂ ਡੋਜ਼ਰ ਰਾਹੀਂ ਪਾਣੀ ਵਿੱਚ ਮਿਲਾਉਣ ਤੱਕ ਦੀ ਸਾਰੀ ਪ੍ਰਕਿਰਿਆ ਪਾਰਦਰਸ਼ਤਾ ਨਾਲ ਕੀਤੀ ਜਾਣੀ ਚਾਹੀਦੀ ਹੈ। ਜਦੋਂ ਵੀ ਅਧਿਕਾਰੀ ਡੋਜ਼ਰ ’ਤੇ ਦਵਾਈ ਲਗਾਉਂਦੇ ਹਨ, ਤਾਂ ਇਲਾਕੇ ਦੇ ਕੌਂਸਲਰ ਜਾਂ ਮੇਅਰ ਦੀ ਮੌਜੂਦਗੀ ਜ਼ਰੂਰੀ ਹੋਣੀ ਚਾਹੀਦੀ ਹੈ।
ਨਿਗਮ ਅਧਿਕਾਰੀਆਂ ਮੁਤਾਬਕ ਨਿਗਮ ਵੱਲੋਂ 27.66 ਲੱਖ ਰੁਪਏ ਵਿੱਚ ਦਵਾਈਆਂ ਖਰੀਦਣ ਦਾ ਵਰਕ ਆਰਡਰ ਜਾਰੀ ਕਰ ਦਿੱਤਾ ਗਿਆ ਹੈ। ਜਲਦੀ ਹੀ ਪੂਰੇ ਸਹਿਰ ਵਿੱਚ ਸਿਰਫ ਸੋਡੀਅਮ ਹਾਈਪੋਕਲੋਰਾਈਟ ਵਾਲੀ ਦਵਾਈ ਵਾਲਾ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ।
ਅਗਲੇ ਹਫ਼ਤੇ ਤੱਕ ਮਸਲਾ ਹੱਲ ਹੋ ਜਾਵੇਗਾ: ਐੱਸਡੀਓ
ਐੱਸਡੀਓ ਪਵਨਪ੍ਰੀਤ ਸਿੰਘ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਹਰ ਟਿਊਬਵੈੱਲ ’ਤੇ ਡੋਜ਼ਰ ਹੋਣ ’ਤੇ ਹੀ ਪੀਣ ਵਾਲੇ ਪਾਣੀ ਵਿੱਚ ਸੋਡੀਅਮ ਹਾਈਪੋਕਲੋਰਾਈਟ ਦਵਾਈ ਉਪਲਬਧ ਹੋਵੇਗੀ। ਜੇ ਦਵਾਈ ਨੂੰ ਸਾਰੇ ਉਪਲਬਧ ਡੋਜ਼ਰਾਂ ਦੀ ਵਰਤੋਂ ਕਰਕੇ ਪਾਣੀ ਵਿੱਚ ਮਿਲਾਇਆ ਜਾਂਦਾ ਹੈ, ਤਾਂ ਦਵਾਈ ਪਾਈਪਾਂ ਰਾਹੀਂ ਹਰ ਜਗ੍ਹਾ ਸਪਲਾਈ ਕੀਤੇ ਜਾਣ ਵਾਲੇ ਪਾਣੀ ਵਿੱਚ ਮਿਲ ਜਾਵੇਗੀ। ਉਹ ਇਸ ਨੂੰ ਪੂਰੀ ਤਰ੍ਹਾਂ ਕਰਨ ਲਈ ਯੋਜਨਾ ਬਣਾ ਰਹੇ ਹਨ। ਅਗਲੇ ਹਫਤੇ ਤੋਂ ਪੀਣ ਵਾਲੇ ਪਾਣੀ ਵਿੱਚ ਦਵਾਈ ਮਿਲਾਈ ਜਾਵੇਗੀ ਅਤੇ ਪਾਣੀ ਦੀ ਸ਼ੁੱਧਤਾ ਵਧੇਗੀ।