ਨਿੱਜੀ ਪੱਤਰ ਪ੍ਰੇਰਕ
ਮੋਗਾ, 30 ਅਗਸਤ
ਇਥੇ ਆਮ ਆਦਮੀ ਪਾਰਟੀ ਦਾ ਮੇਅਰ ਬਣਨ ਮਗਰੋਂ ਨਗਰ ਨਿਗਮ ’ਚ ਵੀ ‘ਬਦਲਾਅ’ ਦੇਖਣ ਨੂੰ ਮਿਲਿਆ ਹੈ। ਨਿਗਮ ਵਿਚ ਸੀਨੀਅਰ ਡਿਪਟੀ ਮੇਅਰ ਪਰਵੀਨ ਸ਼ਰਮਾ ਦੇ ਦਫ਼ਤਰ ’ਤੇ ਹੁਣ ਹਾਕਮ ਧਿਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੀ ਤਖ਼ਤੀ ਲੱਗ ਗਈ ਹੈ। ਨਿਗਮ ਉੱਤੇ ‘ਆਪ’ ਦਾ ਕਬਜ਼ਾ ਹੈ। ਰਵਾਇਤੀ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਦੇ ਝਾੜੂ ਚੁੱਕਣ ਨਾਲ ਹਾਕਮ ਧਿਰ ਵਿਧਾਇਕਾ ਦਾ ਦਫ਼ਤਰ ਬਣਾਉਣ ਦਾ ਖੁੱਲ੍ਹੇਆਮ ਕੋਈ ਵਿਰੋਧ ਨਹੀਂ ਹੋਇਆ ਪਰ ਅੰਦਰੂਨੀ ਲਾਵਾ ਕਿਸੇ ਸਮੇਂ ਵੀ ਫੁੱਟ ਸਕਦਾ ਹੈ।
ਇਥੇ ਨਗਰ ਨਿਗਮ ਦੀ ਸੱਤਾ ਹਾਕਮ ਧਿਰ ਨੇ ਕਾਂਗਰਸ ਤੋਂ ਖੋਹ ਲਈ ਹੈ। ਆਮ ਆਦਮੀ ਪਾਰਟੀ ਦੇ ਨਵੇਂ ਮੇਅਰ ਬਲਜੀਤ ਸਿੰਘ ਚਾਨੀ ਨੇ ਕੁਝ ਦਨਿ ਪਹਿਲਾਂ ਹੀ ਆਪਣਾ ਅਹੁਦਾ ਸੰਭਾਲਿਆ ਹੈ। ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਕੁਝ ਦਨਿ ਬਾਅਦ ਹੀ ਵਿਧਾਇਕਾ ਡਾ. ਅਮਨਦੀਪ ਕੌਰ ਨੂੰ ਨਗਰ ਨਿਗਮ ਵਿੱਚ ਸੀਨੀਅਰ ਡਿਪਟੀ ਮੇਅਰ ਦਾ ਕਮਰਾ ਅਲਾਟ ਕਰ ਦਿੱਤਾ ਗਿਆ। ਵਿਧਾਇਕਾ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਸੰਗਤ ਦਰਸ਼ਨ ਸ਼ੁਰੂ ਕਰਨਗੇ।
ਨਿਗਮ ਅਧਿਕਾਰੀਆਂ ਮੁਤਾਬਕ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਹੁਣ ਸਵਿਲ ਬ੍ਰਾਂਚ ਦੇ ਐਕਸੀਅਨ ਲਈ ਬਿਲਡਿੰਗ ਸ਼ਾਖਾ ਦੇ ਬਰਾਬਰ ਬਣੇ ਛੋਟੇ ਦਫ਼ਤਰ ਵਿੱਚ ਬੈਠਣਗੇ। ਇਥੇ ਛੇ ਤੋਂ ਵੱਧ ਲੋਕ ਨਹੀਂ ਬੈਠ ਸਕਦੇ ਅਤੇ ਪਖਾਨੇ ਆਦਿ ਦੀ ਕੋਈ ਸਹੂਲਤ ਨਹੀਂ ਹੈ। ਐਕਸੀਅਨ ਗੁਰਪ੍ਰੀਤ ਸਿੰਘ ਕੋਲ ਐੱਸਈ ਤੇ ਜੁਆਇੰਟ ਕਮਿਸ਼ਨਰ ਦੀ ਜ਼ਿੰਮੇਵਾਰੀ ਵੀ ਹੈ। ਜੇਕਰ ਨਿਗਮ ਵਿੱਚ ਸਵਿਲ ਬਰਾਂਚ ਦੇ ਜੁਆਇੰਟ ਕਮਿਸ਼ਨਰ ਅਤੇ ਐੱਸਈ ਦੀ ਨਿਯੁਕਤੀ ਹੋ ਜਾਂਦੀ ਹੈ ਤਾਂ ਅਧਿਕਾਰੀਆਂ ਲਈ ਦਫ਼ਤਰਾਂ ਦੀ ਸਮੱਸਿਆ ਆਵੇਗੀ ਕਿਉਂਕਿ ਨਿਗਮ ਕੋਲ ਪਹਿਲਾਂ ਹੀ ਅਫ਼ਸਰਾਂ ਲਈ ਬੈਠਣ ਦੀ ਜਗ੍ਹਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਅੰਦਰ ਸਾਬਕਾ ਕਾਂਗਰਸ ਵਿਧਾਇਕ ਡਾ. ਹਰਜੋਤ ਕਮਲ ਨੇ ਆਪਣੇ ਕਾਰਜਕਾਲ ਦੌਰਾਨ ਬੈਠਣ ਲਈ ਕਮਰਾ ਮੰਗਿਆ ਸੀ, ਉੱਥੇ ਡਾ. ਹਰਜੋਤ ਕਮਲ ਦੇ ਨਾਮ ਦੀ ਤਖ਼ਤੀ ਵੀ ਲਗਾਈ ਗਈ ਸੀ ਪਰ ਉਸ ਸਮੇਂ ਨਿਗਮ ’ਤੇ ਅਕਾਲੀ ਦਲ ਦਾ ਕਬਜ਼ਾ ਹੋਣ ਕਰ ਕੇ ਉਨ੍ਹਾਂ ਦੇ ਨਾਮ ਦੀ ਤਖਤੀ ਬੇਅਸਰ ਕਰ ਦਿੱਤੀ ਗਈ। ਉਸ ਸਮੇਂ ਅਕਾਲੀ ਦਲ ਦੇ ਆਗੂਆਂ ਨੇ ਦਲੀਲ ਦਿੱਤੀ ਸੀ ਕਿ ਵਿਧਾਇਕ ਕੇਵਲ ਨਗਰ ਨਿਗਮ ਦੇ ਮੈਂਬਰ ਹਨ, ਉਨ੍ਹਾਂ ਨੂੰ ਨਿਗਮ ਦੀ ਹਦੂਦ ਵਿੱਚ ਦਫਤਰੀ ਥਾਂ ਦੇਣ ਦਾ ਕੋਈ ਨਿਯਮ ਨਹੀਂ ਹੈ।