ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਦਸੰਬਰ
ਸੇਵਾਵਾਂ ਰੈਗੂਲਰ ਕਰਨ ਦੀ ਮੰਗ ਲਈ ਹੜਤਾਲ ’ਤੇ ਚੱਲ ਰਹੇ ਕੌਮੀ ਸਿਹਤ ਮਿਸ਼ਨ (ਐੱਨਐੱਚਐੱਮ) ਕਾਮਿਆਂ ਵੱਲੋਂ ਇਥੇ ਜ਼ਿਲ੍ਹਾ ਸਕੱਤਰੇਤ ਅੱਗੇ ਰਾਜ ਸਰਕਾਰ ਦਾ ਪਿੱਟ ਸਿਆਪਾ ਕਰਨ ਮਗਰੋਂ ਮੋਗਾ-ਫ਼ਿਰੋਜਪੁਰ ਕੌਮੀ ਸ਼ਾਹ ਮਾਰਗ ਉੱਤੇ ਚੱਕਾ ਜਾਮ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸਿਹਤ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਐੱਨਐੱਚਐੱਮ ਕਾਮਿਆਂ ਨੇ ਕਿਹਾ ਕਿ ਉਨ੍ਹਾਂ ਕੱਲ੍ਹ ਹਾਕਮ ਧਿਰ ਵਿਧਾਇਕ ਦੇ ਘਰ ਅੱਗੇ ਵੀ ਧਰਨਾ ਦਿੱਤਾ ਪਰ ਮਸਲੇ ਦਾ ਹੱਲ ਨਹੀਂ ਨਿਕਲਿਆ। ਉਨ੍ਹਾਂ ਕਰੀਬ ਕੌਮੀ ਮਾਰਗ ਉੱਤੇ ਦੋ ਘੰਟੇ ਚੱਕਾ ਜਾਮ ਕਰਨ ਮਗਰੋਂ ਮੁੜ ਜ਼ਿਲ੍ਹਾ ਸਕੱਤਰੇਤ ਅੱਗੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਗਿਆ।