
ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਨਵੰਬਰ
ਇਥੋਂ ਦੀ ਪੁਲੀਸ ਨੇ ਸੋਸ਼ਲ ਮੀਡੀਆ ਉੱਤੇ ਸਰਗਰਮ ਨਾਬਾਲਗ ਨੂੰ .32 ਬੋਰ ਪਿਸਟਲ ਸਮੇਤ ਇਥੋਂ ਦੇ ਨਾਮੀ ਡਾਕਟਰ ਕੋਲੋਂ 50 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਨਾਬਾਲਗ ਲੜਕਾ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਫੈਨ ਹੈ। ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ 23 ਨਵੰਬਰ ਨੂੰ ਵਿਦੇਸ਼ੀ ਫੋਨ ਨੰਬਰ ਤੋਂ ਇਥੋਂ ਦੇ ਨਾਮੀ ਡਾਕਟਰ ਨੂੰ 50 ਲੱਖ ਰੁਪਏ ਫ਼ਿਰੌਤੀ 24 ਨਵੰਬਰ ਨੂੰ ਵੈਸਟਰਨ ਯੂਨੀਅਨ ਰਾਹੀਂ ਜਾਂ ਸੈਕਟਰ 17 ਚੰਡੀਗੜ੍ਹ ਪੁੱਜ ਕੇ ਦੇਣ ਲਈ ਆਖਿਆ ਗਿਆ। ਫੋਨ ਕਾਲਰ ਨੇ ਧਮਕੀ ਦਿੱਤੀ ਕਿ ਜੇ ਉਹ ਸਿੱਧੂ ਮੂਸੇਵਾਲਾ ਤੇ ਪ੍ਰੇਮੀ ਨੂੰ ਮਾਰ ਸਕਦੇ ਹਨ ਤਾਂ ਉਸ ਨੂੰ ਵੀ ਮਾਰ ਦੇਣਗੇ। ਥਾਣਾ ਸਿਟੀ ਦੱਖਣੀ ਵਿਖੇ ਐੱਫਆਈਆਰ ਦਰਜ ਕਰਨ ਬਾਅਦ ਮਾਮਲੇ ਦੀ ਜਾਂਚ ਕੀਤੀ ਗਈ। ਇਸ ਮੌਕੇ ਐੱਸਪੀ ਅਜੈਰਾਜ ਸਿੰਘ, ਡੀਐੇੱਸਪੀ ਹਰਿੰਦਰ ਸਿੰਘ ਡੋਡ, ਸੀਆਈਏ ਸਟਾਫ਼ ਮੁਖੀ ਇੰਸਪੈਕਟਰ ਕਿੱਕਰ ਸਿੰਘ ਭੁੱਲਰ ਤੇ ਥਾਣੇਦਾਰ ਗੁਰਮੇਲ ਸਿੰਘ ਰੀਡਰ ਮੌਜੂਦ ਸਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸਾਈਬਰ ਕ੍ਰਾਇਮ ਸੈੱਲ ਦੀ ਮਦਦ ਨਾਲ ਜ਼ਿਲ੍ਹਾ ਫ਼ਰੀਦਕੋਟ ’ਚ ਨਾਬਾਲਗ ਦੀ ਪੈੜ ਨੱਪੀ ਗਈ। ਪੁਲੀਸ ਮੁਤਾਬਕ ਨਾਬਾਲਗ ਲਾਰੈਂਸ ਬਿਸ਼ਨੋਈ ਦੀਆਂ ਪੋਸਟਾਂ ਦੇਖਕੇ ਪੁਰਤਗਾਲ ਰਹਿੰਦੇ ਪੰਜਾਬੀ ਨੌਜਵਾਨ ਪ੍ਰਭ ਨਾਲ ਇੰਸਟਾਗ੍ਰਾਮ ਰਾਹੀਂ ਸੰਪਰਕ ਕਰਕੇ ਲਾਰੈਂਸ ਬਿਸ਼ਨੋਈ ਨਾਲ ਮੁਲਾਕਾਤ ਕਰਵਾਉਣ ਲਈ ਆਖਿਆ। ਪ੍ਰਭ ਨੇ ਨਾਬਾਲਗ ਨੂੰ ਬਿਸ਼ਨੋਈ ਨਾਲ ਜਲਦੀ ਮਿਲਾਉਣ ਦੀ ਗੱਲ ਆਖਕੇ ਭਰਮਾ ਲਿਆ। ਉਸ ਨੇ ਬਾਅਦ ਹਰਿਆਣਾ ਦੇ ਵਿਅਕਤੀ ਤੋਂ 25 ਹਜ਼ਾਰ ਰੁਪਏ ਵਿੱਚ ਪਿਸਟਲ ਖਰੀਦ ਕੀਤਾ, ਜੋ ਪੁਲੀਸ ਨੇ ਹੁਣ ਬਰਾਮਦ ਕਰ ਲਿਆ ਹੈ। ਪੁਲੀਸ ਮੁਤਾਬਕ ਮੁਲਜ਼ਮ ਨਾਬਾਲਗ ਨੇ ਖੁਲਾਸਾ ਕੀਤਾ ਕਿ ਉਸ ਦੀ ਮਾਂ ਨੂੰ ਕਾਫ਼ੀ ਭਿਆਨਕ ਬਿਮਾਰੀਆਂ ਹਨ ਅਤੇ ਉਹ ਡਾਕਟਰ ਕੋਲ ਦਵਾਈ ਲੈਣ ਆਉਂਦੇ ਸਨ। ਡਾਕਟਰ ਨੇ ਉਸ ਦੀ ਮਾਂ ਨੂੰ ਹਸਪਤਾਲ ਦਾਖਲ ਕਰਵਾਉਣ ਲਈ ਆਖਿਆ ਪਰ ਉਨ੍ਹਾਂ ਕੋਲ ਪੈਸੇ ਨਾ ਹੋਣ ਕਾਰਨ ਉਨ੍ਹਾਂ ਨੇ ਡਾਕਟਰ ਨੂੰ ਦਵਾਈ ਦੇਣ ਲਈ ਆਖਿਆ ਪਰ ਡਾਕਟਰ ਨੇ ਦਵਾਈ ਦੇਣ ਤੋਂ ਵੀ ਨਾਂਹ ਕਰ ਦਿੱਤੀ ਸੀ। ਇਸ ਕਰਕੇ ਉਸ ਨੇ ਅਜਿਹਾ ਕਦਮ ਚੁੱਕਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ