ਮੋਦੀ ਸਰਕਾਰ ਕਿਸਾਨਾਂ ਦੀ ਕਮਾਈ ਵਧਾਉਣ ਲਈ ਵਚਨਬੱਧ: ਜਿਆਣੀ

ਮੋਦੀ ਸਰਕਾਰ ਕਿਸਾਨਾਂ ਦੀ ਕਮਾਈ ਵਧਾਉਣ ਲਈ ਵਚਨਬੱਧ: ਜਿਆਣੀ

ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸੁਰਜੀਤ ਜਿਆਣੀ, ਵਿਧਾਇਕ ਅਰੁਣ ਨਾਰੰਗ ਅਤੇ ਹੋਰ।

ਸੁੰਦਰ ਨਾਥ ਆਰੀਆ

ਅਬੋਹਰ, 26 ਸਤੰਬਰ

ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਵੱਲੋਂ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਖੇਤੀਬਾੜੀ ਮੰਤਰਾਲੇ ਨੇ ਕਿਸਾਨਾਂ ਦੇ ਹਿੱਤ ਵਿਚ ਪਾਸ ਕੀਤੇ ਗਏ ਕਾਨੂੰਨਾਂ ਰਾਹੀਂ ਕਿਸਾਨਾਂ ਨੂੰ ਹੋਰ ਮਜ਼ਬੂਤ ਕਰਦਿਆਂ ਉਨ੍ਹਾਂ ਦੀਆਂ ਫ਼ਸਲਾਂ ਕਣਕ, ਜੌਂ, ਸਰੋਂ, ਛੋਲਿਆਂ ਆਦਿ ਦੇ ਹੇਠਲੇ ਸਮਰਥਨ ਮੁੱਲ ਨੂੰ ਵਧਾ ਕੇ ਕਿਸਾਨਾਂ ਨੂੰ ਤੋਹਫ਼ਾ ਦਿੱਤਾ ਹੈ। ਸ੍ਰੀ ਜਿਆਣੀ ਨੇ ਵਿਰੋਧ ਕਰਨ ਵਾਲੇ ਅਤੇ ਸੜਕਾਂ ‘ਤੇ ਉਤਰੇ ਲੋਕਾਂ ਨੂੰ ਇਨ੍ਹਾਂ ਬਿੱਲਾਂ ਨੂੰ ਵਿਸਥਾਰ ਨਾਲ ਪੜ੍ਹਨ ਦੀ ਅਪੀਲ ਕੀਤੀ। 

ਇਸ ਮੌਕੇ ਵਿਧਾਇਕ ਅਰੁਣ ਨਾਰੰਗ  ਨੇ ਕਿਹਾ ਕਿ ਸਰਕਾਰ ਹਰ ਫ਼ਸਲ ਦੇ ਸੀਜ਼ਨ ਤੋਂ ਪਹਿਲਾਂ ਐੱਮਐੱਸਪੀ ਦੀ ਸਿਫਾਰਿਸ਼ ‘ਤੇ ਹੇਠਲਾ ਸਮਰਥਨ ਮੁੱਲ ਤੈਅ ਕਰਦੀ ਹੈ। ਜੇ ਬੰਪਰ ਫ਼ਸਲ ਹੋਈ ਹੈ ਤਾਂ ਉਸ ਦੀ ਬਾਜ਼ਾਰ ਵਿਚ ਕੀਮਤ ਵਿਚੋਲਿਆਂ ਵੱਲੋਂ ਘੱਟ ਕਰ ਦਿੱਤੀ ਜਾਂਦੀ ਹੈ, ਉਦੋਂ ਐੱਮਐੱਸਪੀ ਕਿਸਾਨਾਂ ਲਈ ਫਿਕਸ ਐਸ਼ਿਓਰਡ ਪ੍ਰਾਈਜ਼ ਦਾ ਕੰਮ ਕਰਦੀ ਹੈ। ਸ੍ਰੀ ਜਿਆਣੀ ਨੇ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਬਣਦਾ ਮੁੱਲ ਦਿਵਾਉਣ,  ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਅਤੇ ਉਨ੍ਹਾਂ  ਦੇ  ਜੀਵਨ ਪੱਧਰ ਵਿੱਚ ਬਦਲਾਅ ਲਿਆਉਣ  ਲਈ ਮੋਦੀ ਸਰਕਾਰ ਵਚਨਬੱਧ ਹੈ। 

ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਧਨਪਤ ਸਿਆਗ, ਸੂਬਾ ਸਕੱਤਰ ਸ਼ਿਵਰਾਜ ਗੋਇਲ ਅਤੇ ਭਾਜਪਾ ਮਹਿਲਾ ਮੋਰਚਾ ਪੰਜਾਬ ਪ੍ਰਧਾਨ ਮੋਨਾ ਜੈਸਵਾਲ ਨੇ ਕਿਹਾ ਕਿ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ  ਦੇ ਨਿਰਦੇਸ਼ਾਂ ‘ਤੇ ਕਿਸਾਨ ਮੋਰਚੇ ਦੇ ਵਰਕਰ ਅਗਲੇ ਮਹੀਨੇ ਸੂਬੇ ਦੇ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਖੇਤੀਬਾੜੀ ਬਿੱਲਾਂ ਬਾਰੇ ਜਾਗਰੂਕ ਕਰਨਗੇ ਤੇ ਇਨ੍ਹਾਂ ਬਿੱਲਾਂ ਦੇ ਲਾਭ ਦੱਸੇ ਜਾਣਗੇ। 

ਹਰਸਿਮਰਤ ਨੇ ਕਿਸਾਨਾਂ ਦੀਆਂ ਵੋਟਾਂ ਪੱਕੀਆਂ ਕਰਨ ਲਈ ਅਸਤੀਫ਼ਾ ਦਿੱਤਾ

ਸੁਰਜੀਤ ਕੁਮਾਰ ਜਿਆਣੀ ਨੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ  ਦੇ ਅਸਤੀਫੇ  ਬਾਰੇ ਕਿਹਾ ਕਿ ਕਿਸਾਨਾਂ ਦੀਆਂ ਵੋਟਾਂ ਪੱਕੀਆਂ ਕਰਨ ਲਈ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਸ ਕੀਤਾ ਗਿਆ ਬਿੱਲ ਕਿਸਾਨਾਂ ਦੇ ਹਿੱਤ ਵਿਚ ਹੈ। ਇਸ ਨਾਲ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਕਿਸਾਨਾਂ ਨੂੰ ਵੀ ਹੌਲੀ-ਹੌਲੀ ਸਮਝ ਆ ਜਾਵੇਗੀ ਕਿ ਇਹ ਬਿੱਲ ਠੀਕ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਆਉਣ ਵਾਲੀਆਂ ਚੋਣਾਂ ਵਿਚ ਅਕਾਲੀ-ਭਾਜਪਾ ਗੱਠਜੋੜ ਇਕੱਠਿਆਂ ਚੋਣ ਲੜਨਗੇ ਜਾਂ ਨਹੀਂ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਸਮਾਂ ਹੀ ਦੱਸੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All