ਉਗਰਾਹਾਂ ਯੂਨੀਅਨ ਵੱਲੋਂ ਧਰਨੇ ਸਬੰਧੀ ਕਿਸਾਨਾਂ ਦੀ ਲਾਮਬੰਦੀ : The Tribune India

ਉਗਰਾਹਾਂ ਯੂਨੀਅਨ ਵੱਲੋਂ ਧਰਨੇ ਸਬੰਧੀ ਕਿਸਾਨਾਂ ਦੀ ਲਾਮਬੰਦੀ

ਉਗਰਾਹਾਂ ਯੂਨੀਅਨ ਵੱਲੋਂ ਧਰਨੇ ਸਬੰਧੀ ਕਿਸਾਨਾਂ ਦੀ ਲਾਮਬੰਦੀ

ਪੱਖੋਕੇ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਾ ਹੋਇਆ ਯੂਨੀਅਨ ਆਗੂ।

ਪੱਤਰ ਪ੍ਰੇਰਕ

ਟੱਲੇਵਾਲ, 24 ਨਵੰਬਰ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਰਾਜਪਾਲ ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਖਾਤਰ 26 ਨਵੰਬਰ ਨੂੰ ਮੰਗ ਪੱਤਰ ਦੇਣ ਦੀਆਂ ਤਿਆਰੀਆਂ ਵਜੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਲਾਕ ਸ਼ਹਿਣਾ ਦੀ ਮੀਟਿੰਗ ਪਿੰਡ ਪੱਖੋਕੇ ਵਿੱਚ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲੀਆ, ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ, ਗੁਰਨਾਮ ਸਿੰਘ ਭੋਤਨਾ ਅਤੇ ਦਰਸ਼ਨ ਸਿੰਘ ਚੀਮਾ ਨੇ ਕਿਹਾ ਕਿ ਮੰਗਾਂ ਮਨਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਨਵੰਬਰ ਨੂੰ ਦੇਸ਼ ਭਰ ਦੇ ਰਾਜਾਂ ਦੇ ਗਵਰਨਰਾਂ ਨੂੰ ਮੰਗ ਪੱਤਰ ਦੇਣ ਦੇ ਪ੍ਰੋਗਰਾਮ ਉਲੀਕੇ ਗਏ ਹਨ। ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਬੀਕੇਯੂ ਉਗਰਾਹਾਂ ਦੇ ਕਾਫਲੇ ਵੱਖ-ਵੱਖ ਪਿੰਡਾਂ ਵਿੱਚੋਂ ਵੱਡੀ ਪੱਧਰ ’ਤੇ ਇਸ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਜੱਗੀ ਚੀਮਾ, ਗੁਰਦੀਪ ਪੱਖੋਕੇ, ਮੱਖਣ ਭਦੌੜ, ਗੁਰਚਰਨ ਪੱਖੋਕੇ ਆਦਿ ਹਾਜ਼ਰ ਸਨ।

ਉਥੇ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਹਿਲ ਕਲਾਂ ਵੱਲੋਂ ਪਿੰਡਾਂ ਵਿੱਚੋਂ 26 ਨਵੰਬਰ ਨੂੰ ਰਾਜ ਭਵਨ ਵੱਲ ਕੂਚ ਕਰਨ ਦੀਆਂ ਤਿਆਰੀਆਂ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਦੇਵ ਸਿੰਘ ਮਾਂਗੇਵਾਲ ਦੀ ਅਗਵਾਈ ਹੇਠ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਹਨ।

ਮਨਜੀਤ ਧਨੇਰ ਵੱਲੋਂ ਕਿਸਾਨਾਂ ਨੂੰ ਰੋਸ ਮਾਰਚ ’ਚ ਸ਼ਾਮਲ ਹੋਣ ਦੀ ਅਪੀਲ

ਬਰਨਾਲਾ (ਖੇਤਰੀ ਪ੍ਰਤੀਨਿਧ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ 26 ਨਵੰਬਰ ਨੂੰ ਚੰਡੀਗੜ੍ਹ ਵਿੱਚ ਰਾਜ ਭਵਨ ਵੱਲ ਕੀਤੇ ਜਾਣ ਵਾਲੇ ਰੋਸ ਮਾਰਚ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਥੇਬੰਦੀਆਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਬਰਨਾਲਾ, ਸੰਗਰੂਰ, ਮਾਨਸਾ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਸਾਹਿਬ, ਤਰਨ ਤਾਰਨ, ਪਟਿਆਲਾ, ਫਤਹਿਗੜ੍ਹ ਸਾਹਿਬ, ਮੋਗਾ, ਲੁਧਿਆਣਾ, ਕਪੂਰਥਲਾ ਅਤੇ ਮੁਹਾਲੀ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ  ਲਾਮਬੰਦੀ ਕੀਤੀ ਜਾ ਚੁੱਕੀ ਹੈ। ਜਥੇਬੰਦੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਇਸ ਮਾਰਚ ਦੌਰਾਨ ਭਰਵੀਂ ਸ਼ਿਰਕਤ ਕਰਕੇ ਭਰਪੂਰ ਸਮਰਥਨ ਦਿੱਤਾ ਜਾਵੇਗਾ। ਧਨੇਰ ਨੇ  ਕਿਹਾ ਕਿ ਸਾਰੀਆਂ ਫਸਲਾਂ ’ਤੇ ਐੱਮਐੱਸਪੀ ਗਾਰੰਟੀ ਦਾ ਕਨੂੰਨ ਬਣਾਉਣ ਦੀ ਮੰਗ ਦਾ ਲਿਖਤੀ ਭਰੋਸਾ ਸਰਕਾਰ ਵੱਲੋਂ ਦਿੱਤੇ ਜਾਣ ਦੇ ਬਾਵਜੂਦ ਹਾਲੇ ਤੱਕ ਕਾਨੂੰਨ ਨਹੀਂ ਬਣਿਆ, ਜਿਹੜਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਇਨ੍ਹਾਂ ਲਟਕਦੀਆਂ ਮੰਗਾਂ ਸਬੰਧੀ 26 ਦਾ ਅੰਦੋਲਨ ਦੀ ਵਰ੍ਹੇਗੰਢ ਮੌਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੁੱਚੀ ਕਿਸਾਨੀ ਨੂੰ ਸਹਿਯੋਗ ਤੇ ਸ਼ਿਰਕਤ ਦੀ ਅਪੀਲ ਕੀਤੀ।

ਚੰਡੀਗੜ੍ਹ ਵੱਲ ਮਾਰਚ ਲਈ ਪਿੰਡਾਂ ਵਿੱਚ ਲਾਮਬੰਦੀ

ਮਹਿਲ ਕਲਾਂ (ਪੱਤਰ ਪ੍ਰੇਰਕ): 26 ਨਵੰਬਰ ਦੇ ਰਾਜ ਭਵਨ ਵੱਲ ਕੀਤੇ ਜਾ ਰਹੇ ਰੋਸ ਮਾਰਚ ਦੀਆਂ ਤਿਆਰੀਆਂ ਤਹਿਤ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਇਲਾਕੇ ਦੇ ਦਰਜਨ ਦੇ ਕਰੀਬ ਪਿੰਡਾਂ ਵਿੱਚ ਲਾਮਬੰਦੀ ਕੀਤੀ ਗਈ। ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ ਅਤੇ ਅਮਨਦੀਪ ਸਿੰਘ ਰਾਏਸਰ ਦੀ ਅਗਵਾਈ ਹੇਠ ਕੀਤੀਆਂ ਲਾਮਬੰਦੀ ਮੀਟਿੰਗਾਂ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਲਈ ਇਹ ਮਾਰਚ ਕੀਤਾ ਜਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All