ਚੱਕਾ ਭੌਰਾ ’ਚ ਰੇਤ ਨਿਕਾਸੀ ਤੋਂ ਪਰਚਿਆਂ ਵਿਰੁੱਧ ਲਾਮਬੰਦੀ
ਖਣਨ ਵਿਭਾਗ ਦੀ ਸ਼ਿਕਾਇਤ ਮਗਰੋਂ ਇੱਥੋਂ ਦੀ ਪੁਲੀਸ ਵਲੋਂ ਸੱਤਲੁਜ ਦਰਿਆ ਅੰਦਰਲੇ ਪਿੰਡ ਚੱਕ ਭੌਰਾ ਦੇ ਕਿਸਾਨਾਂ ਉਪਰ ਦਰਜ ਕੀਤੇ ਨਾਜਾਇਜ਼ ਮਾਈਨਿੰਗ ਦੇ ਮਾਮਲਿਆਂ ਨੂੰ ਲੈਕੇ ਭਾਰੀ ਰੋਸ ਪੈਦਾ ਹੋ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਨ੍ਹਾਂ ਕਿਸਾਨਾਂ ਦੇ ਹੱਕ ਵਿੱਚ ਉਤਰ ਆਈ ਹੈ। ਜਥੇਬੰਦੀ ਦੇ ਜ਼ਿਲ੍ਹਾ ਆਗੂ ਬਲਵੰਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਅੱਜ ਪਿੰਡ ਚੱਕ ਭੌਰਾ ਵਿਖੇ ਪੀੜਤ ਕਿਸਾਨਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਆਪਣੀ ਇੱਕਜੁਟਤਾ ਪ੍ਰਗਟ ਕੀਤੀ। ਕਿਸਾਨ ਆਗੂ ਨੇ ਦੱਸਿਆ ਕਿ ਪੁਲੀਸ ਨੇ 95 ਸਾਲਾਂ ਦੇ ਬਜ਼ੁਰਗ ਕਿਸਾਨ ਦਿਲਾਵਰ ਸਿੰਘ ਉੱਤੇ ਮਾਮਲਾ ਦਰਜ ਕਰਕੇ ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ ਹੈ। ਕਿਸਾਨ ਗੁਰਮੀਤ ਸਿੰਘ ਅਤੇ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ ਜ਼ਮੀਨਾਂ ਦੇ ਮਾਲਕ ਹਨ ਅਤੇ ਜਮ੍ਹਾਂਬੰਦੀ ਸਣੇ ਇੰਤਕਾਲ ਉਨ੍ਹਾਂ ਦੇ ਨਾਮ ਹਨ। ਉਨ੍ਹਾਂ ਦੱਸਿਆ ਕਿ ਹੜ੍ਹਾਂ ਨਾਲ ਉਨ੍ਹਾਂ ਦਾ ਜੀਵਨ ਬਦਤਰ ਬਣਿਆ ਹੋਇਆ ਹੈ ਤੇ ਆਰਥਿਕ ਤੌਰ ਉੱਤੇ ਉਹ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਉਨ੍ਹਾਂ ਕਿਹਾ ਕਿ ਖਣਨ ਵਿਭਾਗ ਨੇ ਪਿੰਡ ਦੇ ਤਿੰਨਾਂ ਹੀ ਕਿਸਾਨਾਂ ਉੱਤੇ ਗਲਤ ਮਾਮਲੇ ਦਰਜ ਕਰਵਾਏ ਹਨ। ਕਿਸਾਨ ਜਥੇਬੰਦੀ ਦੇ ਆਗੂ ਬਲਵੰਤ ਸਿੰਘ ਨੇ ਇਸ ਮੌਕੇ ਕਿਹਾ ਕਿ ਪ੍ਰਸ਼ਾਸਨ ਨੂੰ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ ਜੇਕਰ ਨਾਜਾਇਜ਼ ਪਰਚੇ ਰੱਦ ਨਾ ਕੀਤੇ ਤਾਂ ਉਹ ਥਾਣੇ ਸਮੇਤ ਜ਼ਿਲ੍ਹਾ ਮਾਇਨਿੰਗ ਦਫ਼ਤਰ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਰੇਤ ਠੇਕੇਦਾਰਾਂ ਨੂੰ ਕਥਿਤ ਸ਼ਹਿ ਦੇ ਰਿਹਾ ਹੈ ਤਾਂ ਜੋ ਰੇਤ ਦੀ ਕਾਲਾਬਾਜ਼ਾਰੀ ਕੀਤੀ ਜਾ ਸਕੇ। ਉਕਤ ਕਿਸਾਨਾਂ ਵਿਰੁੱਧ ਨਾਜਾਇਜ਼ ਰੇਤਾ ਨਿਕਾਸੀ ਦਾ ਪਰਚਾ ਦਰਜ ਕਰਵਾਉਣ ਵਾਲੇ ਵਿਭਾਗ ਦੇ ਅਫਸਰ ਜਸਬੀਰ ਸਿੰਘ ਪਾਸੋਂ ਉਨ੍ਹਾਂ ਦਾ ਪੱਖ ਜਾਨਣ ਲਈ ਵਾਰ-ਵਾਰ ਕੋਸ਼ਿਸ਼ ਕੀਤੀ ਗਈ ਲੇਕਿਨ ਉਨ੍ਹਾਂ ਫੋਨ ਕਾਲ ਰਿਸੀਵ ਨਹੀਂ ਕੀਤੀ।
