ਵਾਅਦਿਆਂ ਨੂੰ ਬੂਰ ਪਿਆ

ਪਾੜ੍ਹਿਆਂ ਨੂੰ ਸਮੇਂ ਦਾ ਹਾਣੀ ਬਣਾਉਣਗੇ ਮੋਬਾਈਲ: ਮਨਪ੍ਰੀਤ

ਸੂਬਾ ਸਰਕਾਰ ਵੱਲੋਂ ਿਵਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦੀ ਸ਼ੁਰੂਆਤ

ਪਾੜ੍ਹਿਆਂ ਨੂੰ ਸਮੇਂ ਦਾ ਹਾਣੀ ਬਣਾਉਣਗੇ ਮੋਬਾਈਲ: ਮਨਪ੍ਰੀਤ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਦਿੰਦੇ ਹੋਏ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ
ਬਠਿੰਡਾ, 12 ਅਗਸਤ

ਪੰਜਾਬ ਸਰਕਾਰ ਨੇ ‘ਪੰਜਾਬ ਸਮਾਰਟ ਕੁਨੈਕਟ’ ਸਕੀਮ ਤਹਿਤ ਅੱਜ ‘ਕੌਮਾਂਤਰੀ ਨੌਜਵਾਨ ਦਿਵਸ’ ਮੌਕੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਵਾਅਦੇ ਦੀ ਸ਼ੁਰੂਆਤ ਕੀਤੀ। ਬਠਿੰਡਾ ਜ਼ਿਲ੍ਹੇ ’ਚ ਅੱਜ ਸਰਕਾਰੀ ਸਕੂਲਾਂ ’ਚ ਬਾਰ੍ਹਵੀਂ ਦੀ ਪੜ੍ਹਾਈ ਕਰ ਰਹੇ 39 ਵਿਦਿਆਰਥੀਆਂ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਫੋਨ ਭੇਟ ਕੀਤੇ। ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਹੋਏ ਸਮਾਗਮ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਡਿਜੀਟਲ ਯੁੱਗ ਵਿਚ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਮਾਰਟ ਫੋਨ ਸਹਾਈ ਸਿੱਧ ਹੋਣਗੇ। ਉਨ੍ਹਾਂ ਦੱਸਿਆ ਕਿ ਨਵੰਬਰ ਤਕ ਵਿਦਿਆਰਥੀਆਂ ਨੂੰ ਮੋਬਾਈਲ ਦੇਣ ਦਾ ਟੀਚਾ ਸਰ ਕਰ ਲਿਆ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਬੀ. ਸ੍ਰੀਨਿਵਾਸਨ, ਐੱਸਐੱਪੀ ਭੁਪਿੰਦਰ ਜੀਤ ਸਿੰਘ ਵਿਰਕ ਆਦਿ ਹਾਜ਼ਰ ਸਨ।

ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਸਰਕਾਰ ਵੱਲੋਂ ਪਣੇ ਵਾਅਦੇ ਅਨੁਸਾਰ ਅੱਜ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਮਾਰਟ ਫੋਨ ਦੇਣ ਦੀ ਸ਼ੁਰੂਆਤ ਕੀਤੀ ਗਈ। ਇਸ ਸਕੀਮ ’ਤੇ 92 ਕਰੋੜ ਰੁਪਏ ਖਰਚੇ ਜਾਣਗੇ। ਮਾਨਸਾ ਵਿਚ ਸਮਾਰਟ ਫੋਨ ਦੇਣ ਦੀ ਰਸਮ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਨਿਭਾਈ। ਇਸ ਜ਼ਿਲ੍ਹੇ ਦੇ 6231 ਵਿਦਿਆਰਥੀਆਂ ਨੂੰ ਫੋਨ ਦਿੱਤੇ ਜਾਣੇ ਹਨ। ਇਸ ਮੌਕੇ ਹਲਕਾ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਸੀਨੀਅਰ ਕਾਂਗਰਸੀ ਆਗੂ ਅਜੀਤ ਇੰਦਰ ਸਿੰਘ ਮੋਫਰ ਹਾਜ਼ਰ ਸਨ।

ਬਰਨਾਲਾ (ਪਰਸ਼ੋਤਮ ਬੱਲੀ/ਰਵਿੰਦਰ ਰਵੀ): ‘ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਇਤਿਹਾਸਕ ਕਦਮ ਚੁੱਕਦਿਆਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੀ ਸ਼ੁਰੂਆਤ ਜਨਮ ਅਸ਼ਟਮੀ ਤੇ ਕੌਮਾਂਤਰੀ ਨੌਜਵਾਨ ਦਿਵਸ ਮੌਕੇ ਕਰ ਦਿੱਤੀ ਗਈ ਹੈੈ।’ ਇਹ ਪ੍ਰਗਟਾਵਾ ਟਰਾਂਸਪੋਰਟ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ, ਪੰਜਾਬ ਰਜ਼ੀਆ ਸੁਲਤਾਨਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਚ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਇਸ ਮੌਕੇ ਕੇਵਲ ਸਿੰਘ ਢਿੱਲੋਂ, ਡੀਸੀ ਤੇਜ ਪ੍ਰਤਾਪ ਸਿੰਘ ਫੂਲਕਾ, ਐੱਸਐੱਸਪੀ ਸੰਦੀਪ ਗੋਇਲ, ਸਾਬਕਾ ਵਿਧਾਇਕ ਹਰਚੰਦ ਕੌਰ ਹਾਜ਼ਰ ਸਨ।

ਗਿੱਦੜਬਾਹਾ (ਪੱਤਰ ਪ੍ਰੇਰਕ): ਅੱਜ ਤਹਿਸੀਲ ਪੱਧਰੀ ਸਮਾਰਟ ਫ਼ੋਨ ਵੰਡ ਸਮਾਰੋਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਗਿੱਦੜਬਾਹਾ ਵਿਚ ਕਰਵਾਇਆ ਗਿਆ। ਇਸ ਮੌਕੇ ਐੱਸਡੀਐੱਮ ਗਿੱਦੜਬਾਹਾ ਓਮ ਪ੍ਰਕਾਸ਼ ਅਤੇ ਰਾਜਾ ਵੜਿੰਗ ਹਲਕਾ ਵਿਧਾਇਕ ਦੇ ਨਿੱਜੀ ਸਹਾਇਕ ਸਨੀ ਬਰਾੜ ਪੁੱਜੇ। ਸਮਾਰੋਹ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 35 ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੰਡੇ ਗਏ।

ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਜ਼ਿਲ੍ਹਾ ਸਕੱਤਰੇਤ ਵਿਚ ਜ਼ਿਲ੍ਹੇ ਦੇ 6364 ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦਾ ਆਗਾਜ਼ ਧਰਮਕੋਟ ਤੋਂ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਅਤੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕੀਤਾ। ਇਸ ਮੌਕੇ 16 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ।

ਸਾਈਆਂ ਕਿਤੇ, ਵਧਾਈਆਂ ਕਿਤੇ

ਮਾਨਸਾ (ਹਰਦੀਪ ਸਿੰਘ ਜਟਾਣਾ): 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਮੋਬਾਈਲ ਦਿੱਤੇ ਜਾਣ ਦਾ ਐਲਾਨ ਸੁਣਨ ਵਾਲੇ ਸਕੂਲੀ ਵਿਦਿਆਰਥੀ ਹੁਣ ਕਾਲਜੀਏਟ ਬਣ ਚੁੱਕੇ ਹਨ। ਬਹੁਤ ਹੀ ਪਛੜ ਕੇ ਵੰਡੇ ਜਾ ਰਹੇ ਇਨ੍ਹਾਂ ਸਮਾਰਟ ਫੋਨਾਂ ਦਾ ਗੱਫਾ ਉਨ੍ਹਾਂ ਵਿਦਿਆਰਥੀਆ ਨੂੰ ਮਿਲਿਆ ਹੈ, ਜਿਹੜੇ ਉਦੋਂ ਅੱਠਵੀਂ ਜਮਾਤ ’ਚ ਪੜ੍ਹਦੇ ਸਨ। ਜ਼ਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਐਲਾਨ ਕੀਤਾ ਸੀ ਕਿ ਜੇ ਉਹ ਸੱਤਾ ਵਿਚ ਆਉਂਦੀ ਹੈ ਤਾਂ ਪੰਜਾਬ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤਕ ਪੜ੍ਹ ਰਹੇ ਦਸ ਲੱਖ ਦੇ ਕਰੀਬ ਵਿਦਿਆਰਥੀਆਂ ਨੂੰ ਮੁਫ਼ਤ ਸਮਾਰਟ ਫੋਨ ਵੰਡੇ ਜਾਣਗੇ। ਆਪਣੇ ਵਾਅਦੇ ਤੋਂ ਵਾਰ ਵਾਰ ਟਾਲਾ ਵੱਟਦੀ ਰਹੀ ਪਾਰਟੀ ਨੇ ਅੰਤ ਅੱਜ ਜਦੋਂ ਆਪਣਾ ਵਾਅਦਾ ਥੋੜ੍ਹਾ ਬਹੁਤ ਪੂਰਾ ਕਰਨ ਦੀ ਸ਼ੁਰੂਆਤ ਕੀਤੀ ਹੈ ਤਾਂ 2017 ਵਿਚ ਨੌਵੀਂ, ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਵਿਚ ਪੜ੍ਹਦੇ ਲੱਖਾਂ ਵਿਦਿਆਰਥੀ ਹੁਣ ਕਾਲਜੀਏਟ ਬਣ ਚੁੱਕੇ ਹਨ । ਕਈਆਂ ਨੇ ਤਾਂ ਬੀਏ ਵੀ ਕਰ ਲਈ ਹੈ। ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਕੁੰਵਰਦੀਪ ਸਿੰਘ, ਅਰਸ਼ਦੀਪ ਕੌਰ ਅਤੇ ਮਨਮੀਤ ਕੌਰ ਨੇ ਦੱਸਿਆ ਕਿ ਸਰਕਾਰੀ ਸਮਾਰਟ ਫੋਨ ਉਡੀਕਦਿਆਂ ਉਹ ਇਕ ਜਾਂ ਦੋ ਨਹੀਂ ਪੂਰੀਆਂ ਚਾਰ ਜਮਾਤਾਂ ਪਾਸ ਕਰ ਲਈਆਂ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਵੱਡੀ ਗਿਣਤੀ ਮਾਪਿਆਂ ਨੇ ਕਿਹਾ ਕਿ ਕਰੋਨਾ ਲੌਕਡਾਊਨ ਕਰਕੇ ਉਨ੍ਹਾਂ ਨੇ ਆਨਲਾਈਨ ਪੜ੍ਹਾਈ ਲਈ ਮਜਬੂਰੀ ਵੱਸ ਪਹਿਲਾਂ ਹੀ ਦਸ ਦਸ ਹਜ਼ਾਰ ਖਰਚ ਕੇ ਫੋਨ ਖਰੀਦ ਦਿੱਤੇ ਹਨ, ਜਿਸ ਕਰਕੇ ਸਰਕਾਰ ਦਾ ਤੋਹਫ਼ਾ ਉਨ੍ਹਾਂ ਲਈ ਕਿਸੇ ਕੰਮ ਦਾ ਨਹੀਂ। ਸਰਕਾਰ ਵੱਲੋਂ ਪੂਰੇ ਪੰਜਾਬ ’ਚ ਵੰਡੇ ਜਾ ਰਹੇ ਪੌਣੇ ਦੋ ਲੱਖ ਫੋਨਾਂ ਦੀ ਗੱਲ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਨੇ ਕਿਹਾ ਕਿ ਇਸ ਵਕਤ ਇਕੱਲੀ ਬਾਰ੍ਹਵੀਂ ਜਮਾਤ ’ਚ ਹੀ ਢਾਈ ਲੱਖ ਦੇ ਕਰੀਬ ਵਿਦਿਆਰਥੀ ਪੜ੍ਹ ਰਹੇ ਹਨ ਪਰ ਫੋਨਾਂ ਦੀ ਗਿਣਤੀ ਪੌਣੇ ਦੋ ਲੱਖ ਹੈ। ਇਸ ਤਰੀਕੇ ਇਸ ਦਾਨ ਨਾਲ ਵੰਡੀਆਂ ਵਧਣਗੀਆਂ।

ਫੋਨ ਵੰਡਣਾ ਮਹਿਜ਼ ਡਰਾਮਾ: ਸਿੰਗਲਾ

ਬਠਿੰਡਾ: ਸਮਾਰਟ ਫ਼ੋਨ ਵੰਡੇ ਜਾਣ ਨੂੰ ਅਕਾਲੀ ਆਗੂ ਤੇ ਸਾਬਕਾ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਸਰਕਾਰ ਦੇ ਪੌਣੇ ਚਾਰ ਸਾਲ ਬੀਤਣ ’ਤੇ ਕੀਤਾ ਗਿਆ ‘ਡਰਾਮਾ’ ਅਤੇ ‘ਗੋਂਗਲੂਆਂ ਤੋਂ ਮਿੱਟੀ ਝਾੜਨ’ ਵਾਲੀ ਕਾਰਵਾਈ ਦੱਸਿਆ ਹੈ। ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ ’ਚ ਕਾਂਗਰਸ ਲਈ ਚੋਣ ਮੈਨੀਫੈਸਟੋ ਤਿਆਰ ਕਰਨ ਵਾਲੀ ਕਮੇਟੀ ਦਾ ਮੁਖੀ ਮਨਪ੍ਰੀਤ ਸਿੰਘ ਬਾਦਲ ‘ਸਭ ਤੋਂ ਵੱਡਾ ਗੱਪੀ’ ਹੈ। ਉਨ੍ਹਾਂ ਕਿਹਾ ਕਿ ਇਕੱਲੇ ਬਠਿੰਡਾ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਹੀ ਸਾਢੇ ਚਾਰ ਲੱਖ ਫ਼ੋਨ ਚਾਹੀਦੇ ਹਨ ਪਰ ਸਰਕਾਰ ਸਿਰਫ ਅੱਠ ਹਜ਼ਾਰ ਦੇ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All