ਮਹਿਲ ਕਲਾਂ ਬੀਡੀਪੀਓ ਦਫ਼ਤਰ ਅੱਗੇ ਮਨਰੇਗਾ ਮਜ਼ਦੂਰਾਂ ਵੱਲੋਂ ਮੁਜ਼ਾਹਰਾ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 11 ਜੁਲਾਈ
ਪਿੰਡ ਗੰਗੋਹਰ ਦੇ ਮਨਰੇਗਾ ਮਜ਼ਦੂਰਾਂ ਨੂੰ ਬਣਦਾ ਕੰਮ ਨਾ ਦਿੱਤੇ ਜਾਣ ਦੇ ਰੋਸ ਵਜੋਂ ਅੱਜ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਹੇਠ ਸਰਕਾਰ, ਪ੍ਰਸ਼ਾਸਨ ਅਤੇ ਪੰਚਾਇਤ ਵਿਰੁੱਧ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਮਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਬਰਨਾਲਾ, ਮੀਤ ਪ੍ਰਧਾਨ ਕੌਰ ਸਿੰਘ ਕਲਾਲਮਾਜਰਾ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਅਮਰਜੀਤ ਸਿੰਘ ਕੁੱਕੂ ਨੇ ਦੱਸਿਆ ਕਿ ਗੰਗੋਹਰ ਪਿੰਡ ਵਿੱਚ ਛੱਪੜ ਦੀ ਸੁਧਾਰ ਸਕੀਮ ਲਈ ਬਣੇ ਐਸਟੀਮੇਟ ਦੇ ਤਹਿਤ ਕੰਮ ਕਰਵਾਉਣ ਦੀ ਬਜਾਏ ਮਜ਼ਦੂਰਾਂ ਨਾਲ ਗੰਦੇ ਪਾਣੀ ਵਾਲੀਆਂ ਨਾਲੀਆਂ ਸਾਫ਼ ਕਰਵਾਈਆਂ ਜਾ ਰਹੀਆਂ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਇਹ ਮਜ਼ਦੂਰਾਂ ਨਾਲ ਸ਼ਰੇਆਮ ਧੱਕਾ ਹੈ ਅਤੇ ਇਸ ਦੇ ਨਾਲ ਹੀ ਬਾਹਰਲੇ ਪਿੰਡ ਤੋਂ ਮੇਟ ਲਾ ਕੇ ਪਿੰਡ ਦੇ ਮਜ਼ਦੂਰਾਂ ਤੋਂ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੀਆਂ ਧੱਕੇਸ਼ਾਹੀਆਂ ਨੂੰ ਕਿਸੇ ਵੀ ਸੂਰਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਜ਼ਦੂਰਾਂ ਦੇ ਰੋਸ ਪ੍ਰਦਰਸ਼ਨ ਦੀ ਜਾਣਕਾਰੀ ਮਿਲਣ ’ਤੇ ਬੀਡੀਪੀਓ ਮਹਿਲ ਕਲਾਂ ਸੁਖਜਿੰਦਰ ਸਿੰਘ ਨੇ ਜਥੇਬੰਦੀ ਦੇ ਆਗੂਆਂ ਨੂੰ ਦਫ਼ਤਰ ਬੁਲਾ ਕੇ ਉਨ੍ਹਾਂ ਨਾਲ ਮਜ਼ਦੂਰਾਂ ਦੀਆਂ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਮਜ਼ਦੂਰਾਂ ਤੋਂ ਨਾਲੀਆਂ ਦੀ ਸਫ਼ਾਈ ਦੀ ਬਜਾਏ ਛੱਪੜ ਦੇ ਬਣੇ ਐਸਟੀਮੇਟ ਅਨੁਸਾਰ ਹੀ ਕੰਮ ਲਿਆ ਜਾਵੇਗਾ ਅਤੇ ਬਾਹਰਲੇ ਮੇਟ ਦੀ ਬਜਾਏ ਪਿੰਡ ਦੇ ਹੀ ਕਿਸੇ ਯੋਗ ਵਿਅਕਤੀ ਨੂੰ ਮੇਟ ਰੱਖਿਆ ਜਾਵੇਗਾ। ਮਜ਼ਦੂਰ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਜ਼ਦੂਰਾਂ ਨੂੰ ਨਾਲ ਲੈ ਕੇ ਅਗਲਾ ਤਿੱਖਾ ਸੰਘਰਸ਼ ਕੀਤਾ ਜਾਵੇਗਾ।