ਪਰਮਜੀਤ ਸਿੰਘ
ਫਾਜ਼ਿਲਕਾ, 9 ਅਪਰੈਲ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਐੱਮ ਆਰ ਸਰਕਾਰੀ ਕਾਲਜ ਅਤੇ ਸਰਕਾਰੀ ਆਈਟੀਆਈ ਦੀਆਂ ਮੰਗਾਂ ਲਈ ਵਿਸ਼ਾਲ ਮੁਜ਼ਾਹਰਾ ਕਰ ਕੇ ਐੱਮ ਆਰ ਕਲੋਨੀ ਵਿੱਚ ਸਥਿਤ ਵਿਧਾਇਕ ਨਰਿੰਦਰ ਪਾਲ ਸਵਨਾ ਦੇ ਘਰ ਦਾ ਘਿਰਾਓ ਕੀਤਾ ਗਿਆ। ਕਲੋਨੀ ਤੋਂ ਬਾਹਰ ਧਰਨਾ ਲਾਉਣ ਤੋਂ ਬਾਅਦ ਵਿਧਾਇਕ ਦੇ ਭਰਾ ਨੂੰ ਮੰਗ ਪੱਤਰ ਦਿੱਤਾ ਗਿਆ ਜਿਨ੍ਹਾਂ ਵਿਧਾਇਕ ਨਾਲ ਜਲਦ ਮੀਟਿੰਗ ਕਰਵਾ ਕੇ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਧੀਰਜ ਫਾਜ਼ਿਲਕਾ, ਜ਼ਿਲ੍ਹਾ ਪ੍ਰਧਾਨ ਕਮਲਜੀਤ ਮੁਹਾਰਖੀਵਾ ਤੇ ਜ਼ਿਲ੍ਹਾ ਸਕੱਤਰ ਮਮਤਾ ਲਾਧੂਕਾ ਨੇ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਦੇ ਅਧਿਕਾਰਾਂ ਨੂੰ ਦਰਕਿਨਾਰ ਕਰਦੀ ਹੋਈ ਨਵੀਂ ਸਿੱਖਿਆ ਨੀਤੀ 2020 ਨੂੰ ਜਬਰੀ ਲੋਕਾਂ ਉਪਰ ਥੋਪ ਰਹੀ ਹੈ। ਇਸ ਮੌਕੇ ਜ਼ਿਲ੍ਹਾ ਆਗੂ ਦਿਲਕਰਨ ਰਤਨਪੁਰਾ, ਭੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਐੱਮ ਆਰ ਸਰਕਾਰੀ ਕਾਲਜ ਵਿੱਚ ਮਾਸਟਰ ਡਿਗਰੀ ਦੇ ਕੋਰਸ ਸ਼ੁਰੂ ਕਰਨ ਸਬੰਧੀ ਪੱਤਰ ਜਾਰੀ ਹੋਣ ਤੋਂ ਸਾਲ ਬਾਅਦ ਵੀ ਇਹ ਸ਼ੁਰੂ ਨਹੀਂ ਹੋਏ ਜਦਕਿ ਕਾਲਜ ਦੀ ਲਾਇਬ੍ਰੇਰੀ ਦੀ ਹਾਲਤ ਖ਼ਸਤਾ ਹੈ ਤੇ ਡਿੱਗਣ ਕਿਨਾਰੇ ਹੈ। ਜ਼ਿਲ੍ਹਾ ਆਗੂ ਆਦਿੱਤਿਆ ਫਾਜ਼ਿਲਕਾ ਤੇ ਵਿਦਿਆਰਥੀ ਆਗੂ ਅਮਰਜੀਤ ਕੌਰ ਨੇ ਕਿਹਾ ਕਿ ਆਈਟੀਆਈ ਦੀ ਬਿਲਡਿੰਗ ਡਿੱਗ ਚੁੱਕੀ ਹੈ ਤੇ ਵਿਦਿਆਰਥੀ ਆਪਣੀ ਵਰਕਸ਼ਾਪ ਅੰਦਰ ਕਲਾਸਾਂ ਲਾਉਣ ਲਈ ਮਜਬੂਰ ਹਨ। ਆਈਟੀਆਈ ਅੰਦਰ ਮਸ਼ੀਨਰੀ ਪੁਰਾਣੀ ਤਕਨੀਕ ਦੀ ਹੈ ਜਿਸ ਕਾਰਨ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਿਧਾਇਕ ਦੇ ਨਾਂ ਮੰਗ ਪੱਤਰ ਦਿੱਤਾ
ਵਿਦਿਆਰਥੀ ਯੂਨੀਅਨ ਵੱਲੋਂ ਆਈਟੀਆਈ ਫ਼ਾਜ਼ਿਲਕਾ ਦੀ ਨਵੀਂ ਬਿਲਡਿੰਗ ਤਿਆਰ ਕਰਨ, ਸੰਸਥਾ ’ਚ ਨਵੀਂ ਤਕਨੀਕ ਦੀ ਮਸ਼ੀਨਰੀ ਰੱਖਣ ਤੇ ਆਈਟੀਆਈ ਅੰਦਰ ਇੰਸਟਰੱਕਟਰਾਂ ਦੀ ਪੱਕੀ ਭਰਤੀ ਕਰਨ ਦੀ ਮੰਗ ਲਈ ਵਿਧਾਇਕ ਦੇ ਨਾਮ ਮੰਗ ਪੱਤਰ ਦਿੱਤਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਐੱਮ ਆਰ ਕਾਲਜ ਅਤੇ ਸਰਕਾਰੀ ਆਈਟੀਆਈ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।