ਜੋਗਿੰਦਰ ਸਿੰਘ ਮਾਨ
ਮਾਨਸਾ, 20 ਮਈ
ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਅੱਜ ਤੋਂ ਸ਼ੁਰੂ ਹੋ ਗਈ ਹੈ। ਬਿਜਾਈ ਦੇ ਪਹਿਲੇ ਦਿਨ ਕਿਸਾਨਾਂ ਨੇ ਭਾਰੀ ਉਤਸ਼ਾਹ ਦਿਖਾਇਆ, ਜਿਸ ਤੋਂ ਜਾਪਦਾ ਹੈ ਕਿ ਇਸ ਵਾਰ ਨਰਮੇ ਦੀ ਫ਼ਸਲ ਦੀ ਬਿਜਾਈ ਨੂੰ ਪਹਿਲਾਂ ਦੇ ਮੁਕਾਬਲੇ ਹੋਰ ਸੱਟ ਵੱਜੇਗੀ। ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਹੋਏ ਬਹੁਤੇ ਕਿਸਾਨਾਂ ਨੂੰ ਅੱਜ ਝੋਨੇ ਦੀ ਸਿੱਧੀ ਬਿਜਾਈ ਕਰਦਿਆਂ ਵੇਖਿਆ ਗਿਆ। ਭਾਵੇਂ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਦੇਣ ਦਾ ਭਰੋਸਾ ਦਿੱਤਾ ਗਿਆ ਹੈ, ਪਰ ਇਸ ਕੰਮ ਲਈ ਕਿਸਾਨਾਂ ਨੂੰ ਬਣਦੀ ਬਿਜਲੀ ਨਹੀਂ ਮਿਲੀ।
ਪਿੰਡ ਫਫੜੇ ਭਾਈਕੇ ਦੇ ਸਰਪੰਚ ਅਤੇ ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਝੋਨੇ ਦੀ ਲੁਆਈ ਦੇ ਰੇਟ ਵਧਣ ਕਾਰਨ ਅਤੇ ਪਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਹੁਣ ਜ਼ਿਆਦਾ ਝੋਨਾ ਲਾਉਣ ਵਾਲੇ ਕਿਸਾਨ ਸਿੱਧੀ ਬਿਜਾਈ ਬਾਰੇ ਹੀ ਸੋਚ ਰਹੇ ਹਨ। ਉਧਰ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਸਿੱਧੀ ਬਿਜਾਈ ਕਰ ਕੇ ਵੀ, ਪਨੀਰੀ ਰਾਹੀਂ ਬੀਜੇ ਜਾਂਦੇ ਝੋਨੇ ਜਿੰਨਾ ਝਾੜ ਲਿਆ ਜਾ ਸਕਦਾ ਹੈ।
ਪੀਏਯੂ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਕਿਸਾਨਾਂ ਦਾ ਸਮਾਂ ਵੀ ਬੱਚਦਾ ਹੈ ਅਤੇ ਇਸ ਨਾਲ ਪਾਣੀ ਦੀ ਵੀ ਬੱਚਤ ਹੁੰਦੀ ਹੈ।
ਮਹਿਲ ਕਲਾਂ (ਪੱਤਰ ਪ੍ਰੇਰਕ): ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪੰਡੋਰੀ ਵਿੱਚ ਲਗਾਏ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਪੰਡੋਰੀ ਨੇ ਕਿਹਾ ਕਿ ਹਵਾ, ਧਰਤੀ ਅਤੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਭਨਾਂ ਨੂੰ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸੂਬੇ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਹੈ ਤੇ ਸਮੂਹ ਕਿਸਾਨਾਂ ਨੂੰ ਇਸ ਵਿੱਚ ਯੋਗਦਾਨ ਪਾ ਕੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਬਲਵੀਰ ਚੰਦ ਨੇ ਕਿਹਾ ਕਿ ਕਿਸਾਨਾਂ ਨੂੰ ਖੇਤਾਂ ਵਿੱਚ ਕੀੜੇਮਾਰ ਜ਼ਹਿਰਾਂ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ।