ਪਰਚਾ ਰੱਦ ਕਰਵਾਉਣ ਲਈ ਵਿਧਾਇਕ ਭੁੱਖ ਹੜਤਾਲ ’ਤੇ
ਸੱਤਾਧਾਰੀਆਂ ’ਤੇ ਸਿਆਸੀ ਬਦਲਾਖ਼ੋਰੀ ਦੇ ਦੋਸ਼ ਲਾਏ; ਐੱਸ ਐੱਸ ਪੀ ਨੇ ਸਿੱਟ ਬਣਾਈ
ਲੰਘੀ 14 ਮਾਰਚ ਨੂੰ ਬਰਨਾਲਾ ਪੁਲੀਸ ਵੱਲੋਂ ਕਾਂਗਰਸੀ ਆਗੂਆਂ ਤੇ ਕਾਰਕੁਨਾਂ ਖ਼ਿਲਾਫ਼ ਦਰਜ ਕਥਿਤ ਝੂਠੇ ਕੇਸ ਨੂੰ ਰੱਦ ਕਰਵਾਉਣ ਦੀ ਮੰਗ ਲਈ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਸਾਥੀਆਂ ਸਣੇ ਸਥਾਨਕ ਐੱਸ ਐੱਸ ਪੀ ਦਫ਼ਤਰ ਵਿੱਚ ਅਣਮਿਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠ ਗਏ ਹਨ। ਵਿਧਾਇਕ ਕਾਲਾ ਢਿੱਲੋਂ ਨੇ ਕਿਹਾ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਅਗਵਾਈ ਵਿੱਚ ਬਰਨਾਲਾ ਦੇ ਕਾਂਗਰਸੀ ਆਗੂਆਂ ਵਰਕਰਾਂ ਨੇ ਕਚਹਿਰੀ ਚੌਕ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਆਪਣੇ ਕੀਤੇ ਵਾਅਦੇ ਅਨੁਸਾਰ ਸੂਬੇ ਦੀਆਂ ਮਹਿਲਾਵਾਂ ਦੇ ਖਾਤਿਆਂ ਵਿੱਚ 1000 ਰੁਪਏ ਪ੍ਰਤੀ ਮਹੀਨਾ ਨਾ ਪਾਉਣ ਦੇ ਰੋਸ ਵਜੋਂ 14 ਮਾਰਚ ਨੂੰ ਧਰਨਾ ਦਿੱਤਾ ਸੀ। ਇਸ ਧਰਨੇ ਨੂੰ ਆਧਾਰ ਬਣਾਉਂਦਿਆਂ ਥਾਣਾ ਸਿਟੀ 2 ਦੀ ਪੁਲੀਸ ਨੇ 20 ਸੀਨੀਅਰ ਕਾਂਗਰਸੀ ਆਗੂਆਂ ਨੂੰ ਨਾਮਜ਼ਦ ਕਰ ਕੇ ਅਤੇ 15-20 ਅਣਪਛਾਤੇ ਕਾਂਗਰਸੀ ਵਰਕਰਾਂ ਖ਼ਿਲਾਫ਼ ਐੱਫ ਆਈ ਆਰ ਦਰਜ ਕੀਤੀ। ਇਹ ਕਾਰਵਾਈ ਸਥਾਨਕ ਸੱਤਾਧਾਰੀਆਂ ਦੇ ਇਸ਼ਾਰੇ ’ਤੇ ਸਿਆਸੀ ਬਦਲਾਖੋਰੀ ਤਹਿਤ ਕੀਤੀ ਗਈ ਸੀ। ਉਨ੍ਹਾਂ ਮੰਗ ਕੀਤੀ ਕਿ ਪ੍ਰਦਰਸ਼ਨਕਾਰੀ ਕਾਂਗਰਸੀਆਂ ਖ਼ਿਲਾਫ਼ ਦਰਜ ਕੀਤੀ ਝੂਠੀ ਐੱਫ ਆਈ ਆਰ ਫੌਰੀ ਰੱਦ ਕੀਤੀ ਜਾਵੇ।
ਇਸ ਦੌਰਾਨ ਪੁਲੀਸ ਪ੍ਰਸ਼ਾਸਨ ਤਰਫ਼ੋਂ ਐੱਸ ਪੀ (ਡੀ) ਬਰਨਾਲਾ ਅਸ਼ੋਕ ਕੁਮਾਰ ਸ਼ਰਮਾ ਧਰਨਾ ਸਥਾਨ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਮਸਲੇ ਦੇ ਹੱਲ ਲਈ ਐੱਸ ਐੱਸ ਪੀ ਦੀਆਂ ਹਦਾਇਤਾਂ ’ਤੇ ਸਿੱਟ ਬਣਾਈ ਗਈ ਹੈ। ਉਨ੍ਹਾਂ ਕਰੀਬ ਹਫ਼ਤੇ ਤੱਕ ਦੇ ਸਮੇਂ ਦੀ ਮੰਗ ਕਰਦਿਆਂ ਕਿਹਾ ਕਿ ਰਿਪੋਰਟ ਆਉਣ ’ਤੇ ਨਿਬੇੜਾ ਕਰ ਦਿੱਤਾ ਜਾਵੇਗਾ। ਅਧਿਕਾਰੀ ਦੇ ਭਰੋਸੇ ਉਪਰੰਤ ਸੰਚਾਲਕ ਕਮੇਟੀ ਨੇ ਆਰਜ਼ੀ ਤੌਰ ’ਤੇ ਹੜਤਾਲ ਮੁਲਤਵੀ ਕਰਨ ਦੀ ਫ਼ੈਸਲਾ ਲਿਆ।

