ਪਵਨ ਗੋਇਲ
ਭੁੱਚੋ ਮੰਡੀ, 18 ਅਕਤੂਬਰ
ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਅੱਜ ਸ਼ਹਿਰ ਵਿੱਚ 5 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਗਏ ਸੁੰਦਰੀਕਰਨ ਦਾ ਤਿੰਨ ਥਾਵਾਂ ’ਤੇ ਉਦਘਾਟਨ ਅਤੇ 30 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਏਸੀ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ ਅਤੇ ਕੁੱਝ ਪਰਿਵਾਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਵਿਧਾਇਕ ਨੇ ਕਿਹਾ ਕਿ ਸ਼ਹਿਰ ਦਾ ਭਰਵਾਂ ਵਿਕਾਸ ਕੀਤਾ ਜਾਵੇਗਾ। ਅਗਲੇ ਮਹੀਨੇ ਤੋਂ 5 ਕਰੋੜ ਰੁਪਏ ਨਾਲ ਵਿਕਾਸ ਕੰਮਾਂ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਅਤੇ ਮਾਰਕੀਟ ਕਮੇਟੀ ਦੇ ਉੱਪ ਚੇਅਰਮੈਨ ਵਰਿੰਦਰ ਗਰਗ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਸ਼ੁਰੂ ਕੀਤੇ ਗਏ ਵਿਕਾਸ ਕੰਮ ਮੁਕੰਮਲ ਕਰ ਦਿੱਤੇ ਗਏ ਹਨ। ਜਿਨ੍ਹਾਂ ਵਿੱਚ ਇੱਕ ਕਰੋੜ ਰੁਪਏ ਨਾਲ ਰੇਲਵੇ ਸਟੇਸ਼ਨ ਤੋਂ ਲੈ ਕੇ ਫੁਹਾਰਾ ਚੌਕ ਤੱਕ ਮੁੱਖ ਬਾਜ਼ਾਰ, 20-20 ਲੱਖ ਰੁਪਏ ਨਾਲ ਮੰਦਿਰ ਵਾਲੀ ਗਲੀ ਅਤੇ ਮਹਾਰਾਜਾ ਅਗਰਸੈਨ ਪਾਰਕ ਦਾ ਸੁੰਦਰੀਕਰਨ ਸ਼ਾਮਲ ਹਨ। ਇਸ ਮੌਕੇ ਈਓ ਦੀਪਕ ਸੇਤੀਆ, ਮਾਰਕੀਟ ਕਮੇਟੀ ਦੇ ਚੇਅਰਮੈਨ ਨਾਹਰ ਸਿੰਘ ਭੁੱਲਰ, ਸ਼ਹਿਰ ਪ੍ਰਧਾਨ ਜੀਵਨ ਲਾਲ ਗਰਗ ਆਦਿ ਹਾਜ਼ਰ ਸਨ।