ਪੱਤਰ ਪ੍ਰੇਰਕ
ਮਹਿਲ ਕਲਾਂ, 1 ਅਕਤੂਬਰ
ਇੱਥੇ 9 ਸਤੰਬਰ ਤੋਂ ਭੇਤਭਰੀ ਹਾਲਤ ਵਿੱਚ ਲਾਪਤਾ ਹੋਏ ਪਿੰਡ ਸਹਿਜੜਾ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਤ 11ਵੀਂ ਜਮਾਤ ਦੇ 15 ਸਾਲਾ ਵਿਦਿਆਰਥੀ ਹਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਦੇ ਮਾਮਲੇ ਵਿੱਚ ਪੁਲੀਸ ਨੇ ਉਸ ਦੀ ਮਾਤਾ ਚਰਨਜੀਤ ਕੌਰ ਤੇ ਪਿਤਾ ਦੇ ਮਾਮੇ ਦੇ ਪੁੱਤਰ ਰਾਮਦਾਸ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਅੱਜ ਦੇਰ ਸ਼ਾਮ ਪੁਲੀਸ ਵੱਲੋਂ ਜਾਰੀ ਕੀਤੇ ਬਿਆਨ ਅਨੁਸਾਰ ਇਸ ਕੇਸ ਦੀ ਜਾਂਚ ਡੀਐੱਸਪੀ ਮਹਿਲ ਕਲਾਂ ਗਮਦੂਰ ਸਿੰਘ ਅਤੇ ਐੱਸਐੱਚਓ ਕਮਲਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਜਾ ਰਹੀ ਸੀ। ਪੜਤਾਲ ਦੌਰਾਨ ਪੁਲੀਸ ਨੂੰ ਜਾਣਕਾਰੀ ਮਿਲੀ ਕਿ ਗੁੰਮਸ਼ੁਦਾ ਲੜਕੇ ਦੀ ਮਾਤਾ ਚਰਨਜੀਤ ਕੌਰ ਦੇ ਆਪਣੇ ਪਤੀ ਗੁਰਮੀਤ ਸਿੰਘ ਦੇ ਮਾਮੇ ਦੇ ਪੁੱਤਰ ਰਾਮਦਾਸ ਸਿੰਘ ਵਾਸੀ ਕਲਿਆਣ ਨਾਲ ਨਾਜਾਇਜ਼ ਸਬੰਧ ਹਨ। ਜਾਣਕਾਰੀ ਮਿਲੀ ਕਿ 9 ਸਤੰਬਰ ਨੂੰ ਹਰਪ੍ਰੀਤ ਸਿੰਘ ਅਤੇ ਉਸ ਦੀ ਮਾਤਾ ਚਰਨਜੀਤ ਕੌਰ ਮੋਟਰਸਾਈਕਲ ’ਤੇ ਰਾਏਕੋਟ ਮਾਲੇਰਕੋਟਲਾ ਰੋਡ ਉੱਪਰ ਸਥਿਤ ਮੋਹਾਲੀ ਕਲਾਂ ਨਹਿਰ ਪੁਲ ’ਤੇ ਗਏ ਸੀ। ਇੱਥੇ ਰਾਮਦਾਸ ਸਿੰਘ ਵੀ ਹਾਜ਼ਰ ਸੀ। ਇਸ ਦੌਰਾਨ ਉਨ੍ਹਾਂ ਵੱਲੋਂ ਹਰਪ੍ਰੀਤ ਸਿੰਘ ਧੱਕਾ ਦੇ ਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ। ਪੁਲੀਸ ਵੱਲੋਂ ਇਸ ਕੇਸ ਵਿੱਚ ਧਾਰਾ 302 ਦਾ ਵਾਧਾ ਕਰਕੇ ਦੋਵਾਂ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।