ਮਨਿਸਟੀਰੀਅਲ ਕਾਮਿਆਂ ਨੇ ਵਿੱਤ ਮੰਤਰੀ ਦੇ ਪੁਤਲੇ ਫੂਕੇ
ਮੰਗਾਂ ਨਾ ਮੰਨੇ ਜਾਣ ’ਤੇ 17 ਅਤੇ 18 ਨੂੰ ਕਲਮ ਛੋੜ ਕੰਪਿਊਟਰ ਬੰਦ ਹੜਤਾਲ ਦਾ ਐਲਾਨ
ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਸਰਕਾਰੀ ਮੁਲਾਜ਼ਮਾਂ ਨੂੰ ‘ਐਂਟੀ ਸਟੇਟ’ ਆਖਣ ਦੇ ਵਿਰੋਧ ਵਿੱਚ ਸਮੂਹ ਵਿਭਾਗਾਂ ਦੇ ਮਨਿਸਟੀਰੀਅਲ ਕਾਮਿਆਂ ਨੇ ਰੋਸ ਰੈਲੀ ਕੀਤੀ। ਕਰਮਚਾਰੀਆਂ ਨੇ ਪੰਜਾਬ ਦੇ ਵਿੱਤ ਮੰਤਰੀ ਦਾ ਪੁਤਲਾ ਸਾੜਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਡੀ ਸੀ ਦਫ਼ਤਰ ਯੂਨੀਅਨ ਦੇ ਸੂਬਾ ਆਗੂ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਕਰਮਚਾਰੀਆਂ ਨੂੰ ਸਰਕਾਰ ਵੱਲੋਂ ’ਐਂਟੀ-ਸਟੇਟੋ ਗਰਦਾਨਣਾ ਬੇਹੱਦ ਮੰਦਭਾਗਾ ਅਤੇ ਅਪਮਾਨਜਨਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਮੁਲਾਜ਼ਮਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਮੁਲਾਜ਼ਮਾਂ ਖ਼ਿਲਾਫ਼ ਕੀਤੀ ਗਈ ਅਪਮਾਨਜਨਕ ਟਿੱਪਣੀ ਤੁਰੰਤ ਵਾਪਸ ਲਈ ਜਾਵੇ ਅਤੇ ਲਮਕਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਉਨ੍ਹਾਂ ਮੰਗ ਕੀਤੀ ਕਿ ਸਮੂਹ ਵਿਭਾਗਾਂ ਵਿੱਚ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਬਕਾਏ ਜਾਰੀ ਕੀਤੇ ਜਾਣ ਸਮੇਤ ਹੋਰਨਾਂ ਮੰਗਾਂ ਦਾ ਫੌਰੀ ਹੱਲ ਕੀਤਾ ਜਾਵੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ’ਚ 17 ਅਤੇ 18 ਅਗਸਤ ਨੂੰ ਸਮੂਹ ਮੁਲਾਜ਼ਮਾਂ ਵੱਲੋਂ ’ਕਲਮ ਛੋੜ ਅਤੇ ਕੰਪਿਊਟਰ ਬੰਦ’ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਦੌਰਾਨ ਸਰਕਾਰੀ ਦਫ਼ਤਰਾਂ ਦਾ ਕੰਮ-ਕਾਜ ਪੂਰੀ ਤਰ੍ਹਾਂ ਠੱਪ ਰਹੇਗਾ।
ਇਸ ਮੌਕੇ ਪ੍ਰਤਾਪ ਸਿੰਘ ਖੁਡਾਲ, ਅਮਰਜੀਤ ਸਿੰਘ ਭਾਈਰੂਪਾ, ਜਸਵੰਤ ਸਿੰਘ ਮੋਜੋ, ਹਰਵਿੰਦਰ ਸਿੰਘ ਬਿੱਟੂ, ਸੰਦੀਪ ਸਿੰਘ, ਮਨਦੀਪ ਸਿੰਘ, ਨਰਿੰਦਰ ਸਿੰਘ, ਭੂਸ਼ਨ ਕੁਮਾਰ, ਗਗਨਦੀਪ ਸਿੰਘ, ਵਿਸ਼ਾਲ ਗੋਇਲ, ਲਵਜੀਤ ਸਿੰਘ, ਕੁਲਵਿੰਦਰ ਸਿੰਘ, ਹਰਦੀਪ ਸਿੰਘ, ਜਸਦੀਪ ਸਿੰਘ, ਹਰਦੀਪ ਸਿੰਘ ਮਾਨ, ਪ੍ਰਵਿੰਦਰ ਕੌਰ, ਹਰਬੰਸ ਕੌਰ, ਗੁਰਪ੍ਰੀਤ ਕੌਰ, ਅਮਨਦੀਪ ਕੌਰ, ਹਰਪ੍ਰੀਤ ਕੌਰ, ਗਗਨਦੀਪ ਕੌਰ ਅਤੇ ਗੁਰਮੇਲ ਕੌਰ ਨੇ ਵੀ ਸੰਬੋਧਨ ਕੀਤਾ।
ਬਰਨਾਲਾ (ਰਵਿੰਦਰ ਰਵੀ): ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਨੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਸੰਘਰਸ਼ ਨੂੰ ਤਿੱਖਾ ਕਰਦਿਆਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੁਤਲਾ ਫੂਕਿਆ। ਯੂਨੀਅਨ ਦੇ ਜ਼ਿਲ੍ਹਾ ਸਜਨਰ ਸਕੱਤਰ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਅੱਜ ਸਵੇਰੇ ਪਹਿਲਾਂ ਆਜ਼ਾਦੀ ਦਿਵਸ ਦੀ ਫੁੱਲ ਰਿਹਰਸਲ ਵਿੱਚ ਹਿੱਸਾ ਲੈ ਚੁੱਕੇ ਹਨ ਪਰ ਸੂਬੇ ਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਨ੍ਹਾਂ ਨੂੰ ਐਟੀਂ ਸਟੇਟ ਦੱਸਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ 95 ਵਿਧਾਇਕਾਂ ’ਚ ਇੱਕ ਵੀ ਵਿਧਾਇਕ ਮੁਲਾਜ਼ਮਾਂ ਦੇ ਹੱਕ ਵਿੱਚ ਨਹੀਂ ਬੋਲ ਰਿਹਾ ਜਦਕਿ ਵਿਰੋਧੀ ਧਿਰ ਦੇ ਵਿਧਾਇਕ ਮੁਲਾਜ਼ਮਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰ ਰਹੇ ਹਨ। ਯੂਨੀਅਨ ਦੇ ਵਧੀਕ ਜਨਰਲ ਸਕੱਤਰ ਨਿਰਮਲਜੀਤ ਸਿੰਘ ਚਾਨੇ ਨੇ ਕਿਹਾ ਕਿ ਮੁਲਾਜ਼ਮ ਹੁਣ ਕਿਸੇ ਵੀ ਰਾਜਸੀ ਪਾਰਟੀ ਦੇ ਵਾਅਦਿਆਂ ’ਤੇ ਯਕੀਨ ਨਹੀਂ ਕਰਨਗੇ ਸਗੋਂ ਆਪਣੇ ਭਵਿੱਖ ਦਾ ਫੈਸਲਾ ਖ਼ੁਦ ਕਰਨਗੇ। ਇਸ ਮੌਕੇ ਡੀ ਸੀ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਵਿੱਕੀ ਡਾਬਲਾ, ਚੰਚਲ ਕੌਂਸਲ, ਅੰਸ਼ੂ ਗੁਪਤਾ, ਰਣਜੀਤ ਸਿੰਘ ਭੰਮ, ਜਗਸੀਰ ਸਿੰਘ, ਕਮਲਜੀਤ ਸਿੰਘ ਸ਼ਾਦ ਅਤੇ ਅਨੀਸ਼ ਕੁਮਾਰ ਹਾਜ਼ਰ ਸਨ।
ਡੀ ਸੀ ਦਫ਼ਤਰ ਅੱਗੇ ਵਿੱਤ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਸਰਕਾਰੀ ਮੁਲਾਜ਼ਮਾਂ ਨੂੰ ਕਥਿਤ ਤੌਰ ‘ਤੇ ‘ਐਂਟੀ ਸਟੇਟ’ (ਸੂਬਾ ਵਿਰੋਧੀ) ਗਰਦਾਨਣ ਤੋਂ ਬਾਅਦ ਸੂਬੇ ਭਰ ਦੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਦੀ ਲਹਿਰ ਫੈਲ ਗਈ ਹੈ। ਇਸ ਬਿਆਨ ਦੇ ਵਿਰੋਧ ਵਿੱਚ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਅਤੇ ਵੱਖ-ਵੱਖ ਵਿਭਾਗਾਂ ਦੇ ਕਾਮਿਆਂ ਵੱਲੋਂ ਮੁਕਤਸਰ ਦੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਮੁਲਾਜ਼ਮ ਆਗੂ ਪੁਸ਼ਪਿੰਦਰ ਸਿੰਘ ਅਤੇ ਖੁਸ਼ਕਰਨ ਸਿੰਘ, ਹਰਜਿੰਦਰ ਸਿੰਘ ਤੂਤ ਨੇ ਕਿਹਾ ਕਿ ਸਰਕਾਰੀ ਮੁਲਾਜ਼ਮ ਸੂਬੇ ਦੇ ਪ੍ਰਸ਼ਾਸਨਿਕ ਢਾਂਚੇ ਦੀ ਰੀੜ੍ਹ ਦੀ ਹੱਡੀ ਹਨ। ਆਪਣੇ ਜਾਇਜ਼ ਆਰਥਿਕ ਹੱਕਾਂ ਅਤੇ ਲਟਕਦੀਆਂ ਮੰਗਾਂ ਲਈ ਸ਼ਾਂਤਮਈ ਤੇ ਲੋਕਤੰਤਰਿਕ ਢੰਗ ਨਾਲ ਆਵਾਜ਼ ਉਠਾਉਣ ਵਾਲੇ ਕਾਮਿਆਂ ਲਈ ਅਜਿਹੀ ਸ਼ਬਦਾਵਲੀ ਵਰਤਣਾ ਪੂਰੇ ਮੁਲਾਜ਼ਮ ਵਰਗ ਦਾ ਨਿਰਾਦਰ ਹੈ। ਮੁਲਾਜ਼ਮ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਅਤੇ ਵਿੱਤ ਮੰਤਰੀ ਨੇ ਬਿਆਨ ਵਾਪਸ ਨਾ ਲਿਆ, ਤਾਂ 17 ਅਤੇ 18 ਅਗਸਤ ਨੂੰ ਸਮੁੱਚੇ ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ‘ਕਲਮ-ਛੋੜ’ ਅਤੇ ‘ਕੰਪਿਊਟਰ ਬੰਦ’ ਹੜਤਾਲ ਕੀਤੀ ਜਾਵੇਗੀ ਅਤੇ 27 ਅਗਸਤ ਨੂੰ ਸੜਕਾਂ ਉਪਰ ਉਤਰਕੇ ਪੰਜਾਬ ਬੰਦ ਕੀਤਾ ਜਾਵੇ।

