ਅਨਾਜ ਮੰਡੀ ਵਿਚ ਪਰਵਾਸੀ ਮਜ਼ਦੂਰ ਦੀ ਭੇਤ-ਭਰੀ ਹਾਲਤ ’ਚ ਮੌਤ

ਅਨਾਜ ਮੰਡੀ ਵਿਚ ਪਰਵਾਸੀ ਮਜ਼ਦੂਰ ਦੀ ਭੇਤ-ਭਰੀ ਹਾਲਤ ’ਚ ਮੌਤ

ਮੋਗਾ ਮਾਰਕੀਟ ਕਮੇਟੀ ਦਫ਼ਤਰ ਅੱਗੇ ਲਾਸ਼ ਰੱਖ ਕੇ ਪ੍ਰਦਰਸ਼ਨ ਕਰਦੇ ਹੋਏ ਪਰਵਾਸੀ ਮਜ਼ਦੂਰ।

ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਅਕਤੂਬਰ

ਇੱਥੇ ਨਵੀਂ ਅਨਾਜ ਮੰਡੀ ਵਿਚ ਲੰਘੀ ਰਾਤ ਬਿਹਾਰ ਤੋਂ ਰੋਜ਼ੀ ਰੋਟੀ ਦੀ ਭਾਲ ਵਿਚ ਆਏ ਪਰਵਾਸੀ ਮਜ਼ਦੂਰ ਦੀ ਭੇਤਭਰੀ ਹਾਲਤ ਵਿਚ ਮੌਤ ਹੋਣ ’ਤੇ ਪਰਵਾਸੀ ਮਜ਼ਦੂਰਾਂ ਨੇ ਮਾਰਕੀਟ ਕਮੇਟੀ ਦਫ਼ਤਰ ਅੱਗੇ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਮਜ਼ਦੂਰਾਂ ਨੇ ਦੂਸ਼ਿਤ ਪਾਣੀ ਨਾਲ ਮੌਤ ਹੋਣ ਦੀ ਗੱਲ ਆਖੀ ਹੈ, ਜਦਕਿ ਸਕੱਤਰ ਮਾਰਕੀਟ ਕਮੇਟੀ ਵਜ਼ੀਰ ਸਿੰਘ ਨੇ ਮਜ਼ਦੂਰਾਂ ਦੇ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਰੋਜ਼ਾਨਾ ਸੈਂਕੜੇ ਮਜ਼ਦੂਰ, ਕਿਸਾਨ ਤੇ ਆਮ ਲੋਕ ਇਹ ਪਾਣੀ ਪੀ ਰਹੇ ਹਨ।

ਇੱਥੇ ਨਵੀਂ ਅਨਾਜ ਮੰਡੀ ਵਿਚ ਬਿਹਾਰ ਦੇ ਰਹਿਣ ਵਾਲੇ ਰਾਜੂ ਦੀ ਮੌਤ ਹੋ ਗਈ। ਇਸ ਮਗਰੋਂ ਉਸ ਦੇ ਸਾਥੀ ਪਰਵਾਸੀ ਮਜ਼ਦੂਰਾਂ ਨੇ ਲਾਸ਼ ਮਾਰਕੀਟ ਕਮੇਟੀ ਦਫ਼ਤਰ ਅੱਗੇ ਰੱਖ ਕੇ ਰੋਸ ਪ੍ਰਦਰਸ਼ਨ ਕਰਦਿਆਂ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਰਾਜੂ ਦੀ ਮੌਤ ਦੂਸ਼ਿਤ ਪਾਣੀ ਪੀਣ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਹਰ ਵਰ੍ਹੇ ਮੰਡੀ ਵਿਚ ਕਥਿਤ ਦੂਸ਼ਿਤ ਪਾਣੀ ਨਾਲ ਮਜ਼ਦੂਰ ਦਸਤ ਆਦਿ ਬਿਮਾਰੀਆਂ ਦੀ ਲਪੇਟ ਵਿਚ ਆਉਂਦੇ ਹਨ। ਪਰਵਾਸੀ ਮਜ਼ਦੁੂਰਾਂ ਰਵੀ, ਰਾਮ ਆਦਿ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਇਸ ਮੰਡੀ ਵਿਚ ਹਾੜ੍ਹੀ ਅਤੇ ਸਾਉਣੀ ਦੇ ਸੀਜ਼ਨ ’ਚ ਆ ਕੇ ਕੰਮ ਕਰਦੇ ਹਨ ਅਤੇ ਪਿਛਲੇ ਚਾਰ ਪੰਜ ਵਰ੍ਹਿਆਂ ਤੋਂ ਪੀਣ ਲਈ ਸ਼ੁੱਧ ਪਾਣੀ ਨਹੀ ਹੁੰਦਾ। ਉਨ੍ਹਾਂ ਦੀ ਕਿੱਧਰੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਮਜ਼ਦੂਰ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮੰਡੀ ’ਚ ਸ਼ੁੱਧ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ।

ਪਾਣੀ ਪੀਣ ਨਾਲ ਨਹੀਂ ਹੋਈ ਮੌਤ: ਸਕੱਤਰ

ਸਥਾਨਕ ਮਾਰਕੀਟ ਕਮੇਟੀ ਸਕੱਤਰ ਵਜ਼ੀਰ ਸਿੰਘ ਤੂਰ ਨੇ ਸਪੱਸ਼ਟ ਕੀਤਾ ਕਿ ਮਜ਼ਦੂਰ ਦੀ ਮੌਤ ਪਾਣੀ ਕਰਕੇ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕਿਸਾਨਾਂ ਆਦਿ ਲਈ ਸ਼ੁੱਧ ਪਾਣੀ ਦੀ ਸਪਲਾਈ ਕੀਤੀ ਗਈ ਹੈ। ਪਾਣੀ ਦੂਸ਼ਿਤ ਹੁੰਦਾ ਤਾਂ ਹੋਰ ਮਜ਼ਦੂਰ ਵੀ ਬਿਮਾਰ ਹੋ ਜਾਣੇ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All