ਜੋਗਿੰਦਰ ਸਿੰਘ ਮਾਨ
ਮਾਨਸਾ, 3 ਜੂਨ
ਮਾਲਵਾ ਖੇਤਰ ਦੇ ਚਾਰ ਜ਼ਿਲ੍ਹਿਆਂ ਵਿੱਚ ਝੋਨੇ ਦੀ ਲੁਆਈ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਬਠਿੰਡਾ ਸਮੇਤ, ਫ਼ਰੀਦਕੋਟ, ਫ਼ਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਝੋਨੇ ਦੀ ਲੁਆਈ ਦੇ ਹੁਕਮ ਜਾਰੀ ਕੀਤੇ ਗਏ ਹਨ। ਹਿੰਦ-ਪਾਕਿ ਸਰਹੱਦੀ ਤਣਾਅ ਤੋਂ ਬਾਅਦ ਪਰਵਾਸੀ ਮਜ਼ਦੂਰ ਮਾਲਵਾ ਖੇਤਰ ’ਚ ਵਿੱਚ ਪੁੱਜਣੇ ਆਰੰਭ ਹੋ ਗਏ ਹੋ ਗਏ ਹਨ। ਇਸੇ ਦੌਰਾਨ ਮਾਲਵਾ ਖੇਤਰ ਵਿੱਚ ਝੋਨੇ ਦੀ ਲੁੁਆਈ ਨੂੰ ਲੈ ਕੇ ਵੱਡੀ ਪੱਧਰ ’ਤੇ ਪਰਵਾਸੀ ਮਜ਼ਦੂਰ ਮਾਨਸਾ-ਬਠਿੰਡਾ ਦੇ ਰੇਲਵੇ ਸਟੇਸ਼ਨਾਂ ’ਤੇ ਰਾਤ ਨੂੰ ਆਉਂਦੀਆਂ ਰੇਲ ਗੱਡੀਆਂ ਪੰਜਾਬ ਮੇਲ ਤੇ ਆਭਾ ਐਕਸਪ੍ਰੈੱਸ ਰਾਹੀਂ ਉਤਰਨ ਲੱਗੇ ਹਨ। ਇਹ ਪਰਵਾਸੀ ਮਜ਼ਦੂਰ ਹਿੰਦ-ਪਾਕਿ ਵਿਚਕਾਰ ਪੈਦਾ ਹੋਏ ਤਣਾਅ ਤੋਂ ਬਾਅਦ ਘਰਾਂ ਨੂੰ ਪਰਤ ਗਏ ਸਨ। ਮਜ਼ਦੂਰਾਂ ਨੂੰ ਸਵੇਰੇ ਹੀ ਪਿੰਡਾਂ ’ਚੋਂ ਆਏ ਕਿਸਾਨ ਆਪੋ-ਆਪਣੇ ਸਾਧਨਾਂ ਰਾਹੀਂ ਆਪਣੀਆਂ ਮੋਟਰਾਂ ’ਤੇ ਲੈ ਜਾਂਦੇ ਹਨ। ਇਨ੍ਹਾਂ ਪਰਵਾਸੀ ਮਜ਼ਦੂਰਾਂ ਨੇ ਝੋਨੇ ਦੀ ਲੁਆਈ ਲਈ ਤਿਆਰੀ ਖਿੱਚ ਲਈ ਹੈ, ਜਦੋਂ ਕਿ ਪਿੰਡਾਂ ਦੇ ਲੋਕਲ ਮਜ਼ਦੂਰਾਂ ਵੱਲੋਂ ਝੋਨਾ ਲਾਉਣ ਲਈ ਕਿਸਾਨਾਂ ਨਾਲ ਹਰ ਤਰ੍ਹਾਂ ਦੀ ਸਾਂਝੇਦਾਰੀ ਕਾਇਮ ਕੀਤੀ ਹੋਈ ਹੈ।
ਮਾਲਵਾ ਖੇਤਰ ਵਿੱਚ ਝੋਨੇ ਦੀ ਲੁਆਈ ਨੂੰ ਲੈ ਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਲਗਾਤਾਰ 8 ਘੰਟੇ ਬਿਜਲੀ ਸਪਲਾਈ ਅੱਧੀ ਰਾਤ ਤੋਂ ਮਿਲਣੀ ਆਰੰਭ ਹੋ ਗਈ ਹੈ। ਕਿਸਾਨਾਂ ਨੂੰ ਲੋੜੀਂਦੀ ਬਿਜਲੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਬਣਾਂਵਾਲਾ ਵਿੱਚ ਸਥਿਤ ਤਾਪਘਰ ਅਤੇ ਸਰਕਾਰੀ ਖੇਤਰ ਹੇਠਲੇ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਨੂੰ ਚਲਾਉਣ ਲਈ ਬਾਕਾਇਦਾ ਆਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਸ ਜ਼ਿਲ੍ਹੇ ਵਿੱਚ ਸਥਿਤ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਸਰਕਾਰੀ ਆਦੇਸ਼ਾਂ ਤਹਿਤ ਅੱਜ ਤੋਂ ਝੋਨੇ ਦੀ ਲੁਆਈ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣੀ ਆਰੰਭ ਕੀਤੀ ਜਾ ਰਹੀ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਹੱਥੀਂ ਝੋਨਾ ਲਾਉਣ ਵਾਲੀ ਲੇਬਰ ਦੀ ਕੋਈ ਵੱਡੀ ਘਾਟ ਨਹੀਂ ਰੜਕਦੀ ਅਤੇ ਅਗਲੇ ਦਿਨਾਂ ਵਿੱਚ ਜਦੋਂ ਲੁਆਈ ਦਾ ਜ਼ੋਰ ਪਵੇਗਾ ਤਾਂ ਹੋਰ ਪਰਵਾਸੀ ਮਜ਼ਦੂਰਾਂ ਦੇ ਪੁੱਜਣ ਦੀ ਉਮੀਦ ਹੈ।