ਹਲਕਾ ਮਹਿਲ ਕਲਾਂ ਦੇ ਪਿੰਡ ਛੀਨੀਵਾਲ ਕਲਾਂ ਵਿੱਗ ਮਗਨਰੇਗਾ ਮਜ਼ਦੂਰਾਂ ਨੂੰ ਲੋੜ ਅਨੁਸਾਰ ਕੰਮ ਨਾ ਮਿਲਣ ਕਾਰਨ ਅਧਿਕਾਰਤ ਸਰਪੰਚ ਗੁਰਮੀਤ ਸਿੰਘ ਛੀਨੀਵਾਲ ਕਲਾਂ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਮਗਨਰੇਗਾ ਮਜ਼ਦੂਰਾਂ ਨੂੰ ਪਹਿਲ ਦੇ ਆਧਾਰ ’ਤੇ ਮਾਸਟਰ ਰੋਲ ਜਾਰੀ ਕਰ ਕੇ ਨਿਰਵਿਘਨ ਕੰਮ ਦਿੱਤਾ ਜਾਵੇ।
ਬੀ ਕੇ ਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ, ਅਧਿਕਾਰਤ ਸਰਪੰਚ ਗੁਰਮੀਤ ਸਿੰਘ ਛੀਨੀਵਾਲ ਅਤੇ ਮਜ਼ਦੂਰ ਆਗੂ ਪੰਚ ਏਕਮ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਮਗਨਰੇਗਾ ਤਹਿਤ ਕਰੀਬ 500 ਮਜ਼ਦੂਰ ਕੰਮ ਕਰਨ ਵਾਲੇ ਹਨ, ਜਿਨ੍ਹਾਂ ਵਿੱਚੋਂ ਕਰੀਬ 250 ਮਜ਼ਦੂਰ ਤਾਂ ਰੋਜ਼ਾਨਾ ਕੰਮ ਕਰਨ ਲਈ ਤਿਆਰ ਹਨ, ਪਰ ਮਹਿਕਮੇ ਵੱਲੋਂ ਸਿਰਫ਼ ਕੁਝ ਕੁ ਮਜ਼ਦੂਰਾਂ ਦਾ ਹੀ ਮਾਸਟਰੋਲ ਕੱਢ ਕੇ ਕੰਮ ਦਿੱਤਾ ਜਾ ਰਿਹਾ ਹੈ। ਮਗਨਰੇਗਾ ਮਜ਼ਦੂਰਾਂ ਵੱਲੋਂ ਵਾਰ-ਵਾਰ ਸਬੰਧਤ ਅਧਿਕਾਰੀਆਂ ਕੋਲ ਕੰਮ ਦੀ ਮੰਗ ਕੀਤੇ ਜਾਣ ਦੇ ਬਾਵਜੂਦ ਕੰਮ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ। ਇਸ ਮੌਕੇ ਪੰਚ ਗੁਰਸੇਵਕ ਸਿੰਘ, ਸੰਦੀਪ ਕੌਰ, ਸਤਨਾਮ ਸਿੰਘ, ਸਾਬਕਾ ਪੰਚ ਰਾਜਾ ਸਿੰਘ, ਨਿਰਭੈ ਸਿੰਘ, ਮਜ਼ਦੂਰ ਆਗੂ ਪਰਮਜੀਤ ਸਿੰਘ, ਭੋਲਾ ਸਿੰਘ, ਦਰਸ਼ਨ ਸਿੰਘ, ਕਾਲਾ ਸਿੰਘ, ਚਰਨਜੀਤ ਕੌਰ, ਭਿੰਦਰ ਕੌਰ, ਬੇਅੰਤ ਕੌਰ, ਹਰਬੰਸ ਕੌਰ, ਨਿਰਮਲ ਸਿੰਘ ਅਤੇ ਅਮਰਜੀਤ ਸਿੰਘ ਹਾਜ਼ਰ ਸਨ।
ਮਗਨਰੇਗਾ ਬਲਾਕ ਮਹਿਲ ਕਲਾਂ ਦੇ ਜੇ ਈ ਇੰਦਰਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਮਗਨਰੇਗਾ ਕਰਮਚਾਰੀਆਂ ਦੀ ਹੜਤਾਲ ਚੱਲ ਰਹੀ ਸੀ ਪਰ ਹੁਣ ਸਰਕਾਰ ਵੱਲੋਂ ਸ਼ੁਰੂ ਕੀਤੀ ਵੀ ਬੀ ਜੀ ਰਾਮ ਜੀ ਸਕੀਮ ਤਹਿਤ ਸਾਰੇ ਮਜ਼ਦੂਰਾਂ ਨੂੰ ਪਹਿਲ ਦੇ ਆਧਾਰ ’ਤੇ ਮਾਸਟਰੋਲ ਕੱਢ ਕੇ ਕੰਮ ਦਿੱਤਾ ਜਾਵੇਗਾ।

