ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਨਰੇਗਾ ਕਿਰਤੀਆਂ ਵੱਲੋਂ ਹੱਕਾਂ ਲਈ ਤਿੱਖੇ ਘੋਲ ਦਾ ਐਲਾਨ

ਮਨਰੇਗਾ ਵਰਕਰਜ਼ ਯੂਨੀਅਨ ਵੱਲੋਂ ਕਨਵੈਨਸ਼ਨ
Advertisement

ਨਿੱਜੀ ਪੱਤਰ ਪ੍ਰੇਰਕ

ਬਠਿੰਡਾ, 11 ਜੁਲਾਈ

Advertisement

ਮਨਰੇਗਾ ਵਰਕਰਜ਼ ਯੂਨੀਅਨ ਦੀ ਇੱਥੇ ਟੀਚਰਜ਼ ਹੋਮ ਵਿੱਚ ਹੋਈ ਕਨਵੈਨਸ਼ਨ ਵਿੱਚ ਪੰਜਾਬ ਦੇ ਦੱਖਣੀ-ਮਾਲਵਾ ਖਿੱਤੇ ਦੇ ਜ਼ਿਲ੍ਹਿਆਂ ’ਚੋਂ ਮਨਰੇਗਾ ਕਾਮਿਆਂ ਨੇ ਭਰਵੀਂ ਸ਼ਿਰਕਤ ਕੀਤੀ।

ਕਨਵੈਨਸ਼ਨ ਦੇ ਮੁੱਖ ਬੁਲਾਰੇ ਅਤੇ ਸੀਟੀਯੂ ਪੰਜਾਬ ਦੇ ਮੀਤ ਪ੍ਰਧਾਨ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਯੂਨੀਅਨ ਦੇ ਸੂਬਾਈ ਕਨਵੀਨਰ ਸਾਥੀ ਦੀਪਕ ਠਾਕੁਰ ਨੇ ਆਪਣੇ ਸੰਬੋਧਨ ਰਾਹੀਂ ਕਿਰਤੀਆਂ ਨੂੰ ਕੇਂਦਰ ਸਰਕਾਰ ਦੀਆਂ ਕਥਿਤ ਲੋਕ ਮਾਰੂ, ਦੇਸ਼ ਵਿਰੋਧੀ ਨਵ-ਉਦਾਰਵਾਦੀ ਨੀਤੀਆਂ ਖ਼ਿਲਾਫ਼ ਫੈਸਲਾਕੁਨ ਘੋਲ ਵਿੱਢਣ ਅਤੇ ਭਾਜਪਾ ਦੇ ਵਿਚਾਰਧਾਰਕ ਆਕਾ ਆਰਐੱਸਐੱਸ ਦੇ ਫ਼ਿਰਕੂ-ਫ਼ਾਸ਼ੀ ਹੱਲਿਆਂ ਨੂੰ ਭਾਂਜ ਦੇਣ ਦਾ ਸੱਦਾ ਦਿੱਤਾ। ਇਨ੍ਹਾਂ ਆਗੂਆਂ ਨੇ ਸੂਬੇ ਦੇ ਕਾਨੂੰਨ-ਪ੍ਰਬੰਧ ਦੀ ਚਿੰਤਾਜਨਕ ਅਵਸਥਾ, ਸਰਕਾਰੀ ਦਾਅਵਿਆਂ ਦੇ ਉਲਟ ਨਸ਼ੇ ਨਾਲ ਮੌਤਾਂ, ਅਪਰਾਧਾਂ, ਮਾਫ਼ੀਆ ਲੁੱਟ ਦੇ ਬੇਰੋਕ ਵਾਧੇ ਅਤੇ ਪੁਲੀਸ ਮੁਕਾਬਲਿਆਂ ਰਾਹੀਂ ਕੀਤੇ ਜਾ ਰਹੇ ਗ਼ੈਰ ਸੰਵਿਧਾਨਕ ਕਤਲਾਂ ਲਈ ਜ਼ਿੰਮੇਵਾਰ ਪੰਜਾਬ ਸਰਕਾਰ ਵਿਰੁੱਧ ਵੀ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।

ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਮਨਰੇਗਾ ਦੇ ਖਾਤਮੇ ਦੀਆਂ ਸਾਜ਼ਿਸ਼ਾਂ ਅਤੇ ਮਾਨ ਸਰਕਾਰ ਦੀ ਮਨਰੇਗਾ ਕਿਰਤੀਆਂ ਪ੍ਰਤੀ ਮੁਜ਼ਰਮਾਨਾ ਬੇਰੁਖ਼ੀ ਖ਼ਿਲਾਫ਼ ਤਿੱਖਾ ਅਤੇ ਬੱਝਵਾਂ ਘੋਲ ਵਿੱਢਣ ਦਾ ਐਲਾਨ ਵੀ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਕਾਨੂੰਨ ਮੁਤਾਬਿਕ ਸੂਚੀਬੱਧ ਪੇਂਡੂ ਕਿਰਤੀ ਪਰਿਵਾਰਾਂ ਨੂੰ ਸਾਲ ’ਚ 100 ਦਿਨ ਦਾ ਰੁਜ਼ਗਾਰ ਅਤੇ ਨਾ ਹੀ ਤੈਅਸ਼ੁਦਾ ਮਿਹਨਤਾਨਾ ਅਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਕਿਰਤੀ, ਬੇਰੁਜ਼ਗਾਰੀ ਭੱਤੇ ਅਤੇ ਕੰਮ ਦੇ ਸੰਦਾਂ ਤੋਂ ਵਿਰਵੇ ਰੱਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਖ਼ਮੀ ਹੋਣ ਜਾਂ ਮੌਤ ਹੋ ਜਾਣ ਦੀ ਸੂਰਤ ’ਚ ਮੁਆਵਜ਼ਾ ਵੀ ਨਹੀਂ ਦਿੱਤਾ ਜਾ ਰਿਹਾ ਅਤੇ ਕੇਂਦਰ ਸਰਕਾਰ ਹਰ ਬਜਟ ਵਿਚ ਮਨਰੇਗਾ ਫੰਡ ਘਟਾਉਂਦੀ ਜਾ ਰਹੀ ਹੈ। ਉਨ੍ਹਾਂ ਮਨਰੇਗਾ ਕਾਨੂੰਨ ਦਾ ਅੱਖਰ-ਅੱਖਰ ਲਾਗੂ ਕਰਵਾਉਣ ਅਤੇ ਕੁਰੱਪਸ਼ਨ ਤੇ ਨਾਜਾਇਜ਼ ਦਖ਼ਲ ਦੇ ਖਾਤਮੇ ਲਈ ਪਿੰਡ-ਪਿੰਡ ਮਜ਼ਬੂਤ ਜੱਥੇਬੰਦੀ ਉਸਾਰਨ ਦਾ ਸੱਦਾ ਦਿੱਤਾ। ਇਸ ਮੌਕੇ ਸਰਵ ਸੰਮਤੀ ਨਾਲ ਪਾਸ ਕੀਤੇ ਇਕ ਮਤੇ ਰਾਹੀਂ ਪੇਂਡੂ ਕਿਰਤੀ ਪਰਿਵਾਰਾਂ ਦੇ ਸਾਰੇ ਬਾਲਗ ਜੀਆਂ ਨੂੰ 700 ਰੁਪਏ ਦਿਹਾੜੀ ਸਹਿਤ ਸਾਰਾ ਸਾਲ ਕੰਮ ਦੇਣ ਦੀ ਮੰਗ ਕੀਤੀ ਗਈ।

ਕਨਵੈਨਸ਼ਨ ਦੌਰਾਨ ਧਰਮਿੰਦਰ ਸਿੰਘ ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਰਵਿੰਦਰ ਸਿੰਘ ਰਵੀ ਕੋ-ਕਨਵੀਨਰ ਪੰਜਾਬ ਸਟੂਡੈਂਟਸ ਫ਼ੈਡਰੇਸ਼ਨ, ਵਰਿੰਦਰ ਸਿੰਘ ਸਰਪ੍ਰਸਤ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ, ਮਹੀਪਾਲ ਅਤੇ ਗੁਰਤੇਜ ਸਿੰਘ ਹਰੀ ਨੌ ਸੂਬਾਈ ਆਗੂ ਦਿਹਾਤੀ ਮਜ਼ਦੂਰ ਸਭਾ ਪੰਜਾਬ ਨੇ ਵੀ ਵਿਚਾਰ ਰੱਖੇ। ਕਨਵੈਨਸ਼ਨ ਦੀ ਪ੍ਰਧਾਨਗੀ ਗੁਰਮੀਤ ਸਿੰਘ ਬਠਿੰਡਾ, ਜੱਗਾ ਸਿੰਘ ਫ਼ਾਜ਼ਿਲਕਾ, ਜਸਵਿੰਦਰ ਸਿੰਘ ਵੱਟੂ ਮੁਕਤਸਰ, ਬਲਕਾਰ ਸਿੰਘ ਔਲਖ ਫ਼ਰੀਦਕੋਟ ਅਤੇ ਆਤਮਾ ਰਾਮ ਮਾਨਸਾ ਨੇ ਕੀਤੀ। ਮੁੱਖ ਮਤਾ ਸਾਥੀ ਲਾਲ ਚੰਦ ਸਰਦੂਲਗੜ੍ਹ ਨੇ ਪੇਸ਼ ਕੀਤਾ। ਮੰਚ ਸੰਚਾਲਨ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਕੀਤਾ।

Advertisement