Mehal Kalan Farmers Protest: ਬੀਕੇਯੂ ਡਕੌਂਦਾ ਵਲੋਂ ਨਵੇਂ ਹੱਦ ਕਰਜ਼ੇ ਅਨੁਸਾਰ ਫਸਲੀ ਕਰਜ਼ਾ ਤੁਰੰਤ ਜਾਰੀ ਕਰਨ ਦੀ ਮੰਗ
ਬੈਂਕਾਂ ਦੇ ਘਿਰਾਓ ਦੀ ਚਿਤਾਵਨੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਮਹਿਲ ਕਲਾਂ ਦੀ ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਸਰਕਾਰ ਤੋਂ ਸਾਉਣੀ ਦੀ ਫਸਲ ਲਈ ਨਵੇਂ ਤੈਅ ਕੀਤੇ ਹੱਦ ਕਰਜ਼ੇ (ਲਿਮਟ) ਅਨੁਸਾਰ ਤੁਰੰਤ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ।
ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਗੁਰਦੇਵ ਸਿੰਘ ਮਾਂਗੇਵਾਲ, ਜ਼ਿਲ੍ਹਾ ਆਗੂ ਜਗਰਾਜ ਸਿੰਘ ਹਰਦਾਸਪੁਰਾ ਅਤੇ ਬਲਾਕ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਦੱਸਿਆ ਕਿ ਸਰਕਾਰ ਨੇ ਹੱਦ ਕਰਜ਼ਾ 25,440 ਰੁਪਏ ਤੋਂ ਵਧਾ ਕੇ 39,000 ਰੁਪਏ ਪ੍ਰਤੀ ਏਕੜ ਕਰਨ ਦਾ ਐਲਾਨ ਕੀਤਾ ਸੀ ਜੋ 1 ਅਪਰੈਲ ਤੋਂ ਲਾਗੂ ਹੋਣਾ ਸੀ ਪਰ ਅਪਰੈਲ ਬੀਤ ਜਾਣ ਦੇ ਬਾਵਜੂਦ ਬੈਂਕ ਇਸ ਨੂੰ ਲਾਗੂ ਨਹੀਂ ਕਰ ਰਹੇ। ਕਿਸਾਨਾਂ ਅਨੁਸਾਰ ਪਿਛਲੇ 7 ਸਾਲਾਂ ਤੋਂ ਲਿਮਟ ਵਿੱਚ ਵਾਧਾ ਨਾ ਹੋਣ ਕਾਰਨ ਅਤੇ ਖੇਤੀ ਖਰਚੇ ਵਧਣ ਕਰਕੇ ਕਿਸਾਨੀ ਆਰਥਿਕ ਬੋਝ ਹੇਠ ਹੈ।
ਕਿਸਾਨਾਂ ਨੇ ਸਹਿਕਾਰੀ ਬੈਂਕ ਮੁਲਾਜ਼ਮਾਂ ਵੱਲੋਂ 6 ਮਈ ਨੂੰ ਕੀਤੀ ਜਾਣ ਵਾਲੀ ਕਲਮ-ਛੋੜ ਹੜਤਾਲ ਨੂੰ ਕਿਸਾਨ ਵਿਰੋਧੀ ਦੱਸਦਿਆਂ ਅਪੀਲ ਕੀਤੀ ਕਿ ਉਹ ਆਪਣੀਆਂ ਮੰਗਾਂ ਲਈ ਕਰਜ਼ਾ ਪ੍ਰਕਿਰਿਆ ਨੂੰ ਪ੍ਰਭਾਵਿਤ ਨਾ ਕਰਨ। ਉਨ੍ਹਾਂ ਮੰਗ ਕੀਤੀ ਕਿ ਸਹਿਕਾਰੀ ਅਤੇ ਖੇਤੀਬਾੜੀ ਮੰਤਰੀ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣ।

