ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਦੀ ਅਗਵਾਈ ਹੇਠ ਮਾਨਸਾ ਨੇੜਲੇ ਪਿੰਡ ਹੀਰੇਵਾਲਾ ਵਿੱਚ ਮੀਂਹਾਂ ਕਾਰਨ ਨਕੁਸਾਨ ਘਰਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਇਥੇ ਵਧੀਕ ਡਿਪਟੀ ਕਮਿਸ਼ਨਰ ਨੂੰ ਪੀੜਤ ਪਰਿਵਾਰਾਂ ਦੀ ਸੂਚੀ ਸੌਂਪੀ ਗਈ।
ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਹੜ੍ਹਾਂ ਤੇ ਮੀਂਹਾਂ ਕਾਰਨ ਗਰੀਬਾਂ ਦੇ ਨੁਕਸਾਨੇ ਘਰਾਂ ਦੇ ਮੁਆਵਜ਼ੇ ਦੀਆਂ ਬਣ ਰਹੀਆਂ ਲਿਸਟਾਂ ਸਮੇਂ ‘ਆਪ’ ਦੇ ਸਰਪੰਚ ਅਫ਼ਸਰਸ਼ਾਹੀ ਨਾਲ ਮਿਲ ਕੇ ਅਸਲ ਦਲਿਤ ਅਤੇ ਲੋੜਵੰਦ ਪਰਿਵਾਰਾਂ ਨੂੰ ਨਜ਼ਰਅੰਦਾਜ਼ ਕਰਕੇ ਲਿਸਟਾਂ ਵਿਚ ਆਪਣੇ ਚਹੇਤਿਆਂ ਨੂੰ ਸ਼ਾਮਲ ਕਰਕੇ ਗਰੀਬਾਂ ਨੂੰ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਲਵੇ ਵਿੱਚ ਲਗਾਤਾਰ ਹੋਈ ਬਾਰਿਸ਼ ’ਚ ਨੁਕਸਾਨੇ ਘਰਾਂ ਦੇ ਹਜ਼ਾਰਾਂ ਲੋੜਵੰਦ ਪਰਿਵਾਰ ਦੇ ਘਰਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਲਿਤ ਪਰਿਵਾਰਾਂ ਦਾ ਘਰਾਂ ਦੀਆਂ ਕਮਜ਼ੋਰ ਛੱਤਾਂ ਥੱਲੇ ਜਾਨੀ ਮਾਲੀ ਨੁਕਸਾਨ ਦੀ ‘ਆਪ’ ਸਰਕਾਰ ਜ਼ਿੰਮੇਵਾਰ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਹੀਰੇਵਾਲਾ ਦੇ ਰਹਿੰਦੇ 70 ਦਲਿਤ ਪਰਿਵਾਰਾਂ ਦੇ ਨੁਕਸਾਨੇ ਘਰਾਂ ਦੇ ਮੁਆਵਜ਼ੇ ਦੀ ਲਿਸਟ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਐੱਸ ਡੀ ਐੱਮ ਮਾਨਸਾ ਨੂੰ ਮਾਰਕ ਕਰ ਦਿੱਤੀ ਅਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਮੀਂਹਾਂ ਕਾਰਨ ਨੁਕਸਾਨੇ ਘਰਾਂ ਦੇ ਪੀੜਤਾਂ ਨੂੰ ਲਿਸਟ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਮੌਕੇ ਜਰਨੈਲ ਸਿੰਘ ਮਾਨਸਾ,ਪ੍ਰਦੀਪ ਗੁਰੂ, ਮਨਜੀਤ ਕੌਰ ਜੋਗਾ, ਸਤਕਾਰ ਕੌਰ, ਸੰਦੀਪ ਸਿੰਘ, ਰਿੰਕੂ ਸਿੰਘ, ਜਗਤਾਰ ਸਿੰਘ ਵੀ ਮੌਜੂਦ ਸਨ।

