ਮੇਅਰ ਪੂਜਾ ਵਧਵਾ ਨੇ ਅਹੁਦਾ ਸੰਭਾਲਿਆ
ਅਬੋਹਰ ਨਗਰ ਨਿਗਮ ਦੀ ਨਵ-ਨਿਯੁਕਤ ਮੇਅਰ ਪੂਜਾ ਵਧਵਾ ਨੇ ਵੀਰਵਾਰ ਨੂੰ ਅਧਿਕਾਰਤ ਤੌਰ ’ਤੇ ਕਾਰਜਭਾਰ ਸੰਭਾਲ ਲਿਆ। ਇਸ ਮਗਰੋਂ ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਉਹ ਸਾਰੇ ਵਿਕਾਸ ਪ੍ਰਾਜੈਕਟ, ਜੋ ਲੰਮੇਂ ਸਮੇਂ ਤੋਂ ਮਨਜ਼ੂਰੀ ਜਾਂ ਹੋਰ ਪ੍ਰਸ਼ਾਸਕੀ ਕਾਰਨਾਂ ਕਰਕੇ ਰੁਕੇ...
ਅਬੋਹਰ ਨਗਰ ਨਿਗਮ ਦੀ ਨਵ-ਨਿਯੁਕਤ ਮੇਅਰ ਪੂਜਾ ਵਧਵਾ ਨੇ ਵੀਰਵਾਰ ਨੂੰ ਅਧਿਕਾਰਤ ਤੌਰ ’ਤੇ ਕਾਰਜਭਾਰ ਸੰਭਾਲ ਲਿਆ। ਇਸ ਮਗਰੋਂ ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਉਹ ਸਾਰੇ ਵਿਕਾਸ ਪ੍ਰਾਜੈਕਟ, ਜੋ ਲੰਮੇਂ ਸਮੇਂ ਤੋਂ ਮਨਜ਼ੂਰੀ ਜਾਂ ਹੋਰ ਪ੍ਰਸ਼ਾਸਕੀ ਕਾਰਨਾਂ ਕਰਕੇ ਰੁਕੇ ਹੋਏ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਮਨਜ਼ੂਰੀ ਦਿਵਾ ਕੇ ਜਲਦ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੇ ਨਵੇਂ ਬੋਰਡ ’ਤੇ ਜੋ ਭਰੋਸਾ ਜਤਾਇਆ ਹੈ, ਉਸ ’ਤੇ ਖਰਾ ਉਤਰਨਾ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੈ ਅਤੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਹੀਂ ਆਉਣ ਦਿੱਤੀ ਜਾਵੇਗੀ। ਮੇਅਰ ਪੂਜਾ ਵਧਵਾ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ, ਸੀਵਰੇਜ ਪ੍ਰਬੰਧ ਨੂੰ ਮਜ਼ਬੂਤ ਕਰਨਾ, ਟੁੱਟੀਆਂ ਸੜਕਾਂ ਦੀ ਮੁਰੰਮਤ, ਨਵੀਆਂ ਸੜਕਾਂ ਦਾ ਨਿਰਮਾਣ, ਸ਼ਹਿਰ ਦੀ ਸਫ਼ਾਈ ਵਿਵਸਥਾ ਵਿੱਚ ਸੁਧਾਰ, ਗਲੀ ਬੱਤੀਆਂ ਦੀ ਬਿਹਤਰ ਵਿਵਸਥਾ ਅਤੇ ਹੋਰ ਬੁਨਿਆਦੀ ਨਾਗਰਿਕ ਸਹੂਲਤਾਂ ਨੂੰ ਤਰਜੀਹ ਦੇ ਆਧਾਰ ’ਤੇ ਅੱਗੇ ਵਧਾਇਆ ਜਾਵੇਗਾ।
ਸਮਾਗਮ ਦੌਰਾਨ ਵਿਧਾਇਕ ਸੰਦੀਪ ਜਾਖੜ ਦੀ ਮੌਜੂਦਗੀ ਵਿੱਚ ਪੂਜਾ ਵਧਵਾ ਨੇ ਮੇਅਰ, ਧਰਮਵੀਰ ਮਲਕਟ ਨੇ ਸੀਨੀਅਰ ਡਿਪਟੀ ਮੇਅਰ ਅਤੇ ਦੀਪਕ ਛਪੋਲਾ ਨੇ ਡਿਪਟੀ ਮੇਅਰ ਵਜੋਂ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ। ਇਸ ਮੌਕੇ ਕੌਂਸਲਰਾਂ, ਭਾਜਪਾ ਆਗੂਆਂ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਨਾਗਰਿਕਾਂ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ। ਵਿਧਾਇਕ ਸੰਦੀਪ ਜਾਖੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਗਰ ਨਿਗਮ ਵਿੱਚ ਨਵੇਂ ਬੋਰਡ ਦਾ ਗਠਨ ਲੋਕਤੰਤਰ ਦੀ ਜਿੱਤ ਅਤੇ ਲੋਕਾਂ ਦੇ ਭਰੋਸੇ ਦੀ ਜਿੱਤ ਹੈ।

