ਮਾਤਾ ਗੁਰਪਾਲ ਕੌਰ ਹਾਕੀ ਅਕੈਡਮੀ ਵੱਲੋਂ ਜੇਤੂ ਖਿਡਾਰੀਆਂ ਦਾ ਸਨਮਾਨ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 6 ਜੁਲਾਈ
ਸੀਐੱਮਐੱਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈ ਵਿੱਚ ਚੱਲ ਰਹੀ ਮਾਤਾ ਗੁਰਪਾਲ ਕੌਰ ਹਾਕੀ ਅਕੈਡਮੀ ਵੱਲੋਂ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਸੀਨੀਅਰ ਨੈਸ਼ਨਲ ਹਾਕੀ ਖਿਡਾਰੀ ਤੇ ਬਾਬਾ ਫਰੀਦ ਹਾਕੀ ਕਲੱਬ ਫਰੀਦਕੋਟ ਦੇ ਪ੍ਰਧਾਨ ਪਰਮਪਾਲ ਸਿੰਘ ਸਨ। ਇਸ ਤੋਂ ਇਲਾਵਾ ਉਨ੍ਹਾਂ ਨਾਲ ਹਰਜੀਤ ਸਿੰਘ ਬੋਧਾ ਸੈਕਟਰੀ, ਹੈੱਡ ਮਾਸਟਰ ਸੰਤ ਸਿੰਘ ਤੇ ਗੁਰਦੇਵ ਸਿੰਘ ਵੀ ਹਾਜ਼ਰ ਹੋਏ। ਸਕੂਲ ਕਮੇਟੀ ਦੇ ਚੇਅਰਮੈਨ ਖੁਸ਼ਵੰਤ ਸਿੰਘ ਨੇ ਪਹੁੰਚੇ ਮਹਿਮਾਨਾਂ ਨੂੰ ਜੀ ਆਇਆ ਕਹਿਣ ਉਪਰੰਤ ਪਹੁੰਚੀਆਂ ਸ਼ਖਸ਼ੀਅਤਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੀਬੀਐੱਸਈ ਨਾਰਥ ਜ਼ੋਨ ਹਾਕੀ 'ਚੋਂ ਚਾਂਦੀ ਦਾ ਤਗ਼ਮਾ ਹਾਸਲ ਕਰਨ ਵਾਲੇ ਖਿਡਾਰੀ ਤੇ ਪੰਜਾਬ ਪੁਲੀਸ ਫਰੀਦਕੋਟ ਵੱਲੋਂ ਨਸ਼ਾ ਮੁਕਤੀ ਦੇ ਸੰਬੰਧ 'ਚ ਕਰਵਾਏ ਟੂਰਨਾਮੈਂਟ (ਅੰਡਰ 14) 'ਚੋਂ ਸੋਨ ਤਗਮੇ ਹਾਸਲ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਬਾਬਾ ਫ਼ਰੀਦ ਹਾਕੀ ਕਲੱਬ ਦੇ ਖਜ਼ਾਨਚੀ ਹਰਦੇਵ ਸਿੰਘ ਗਿਆਨੀ ਵੱਲੋਂ ਖਿਡਾਰੀਆਂ ਨੂੰ ਟਰੈਕ ਸੂਟ ਦਿੱਤੇ ਗਏ। ਪਰਮਪਾਲ ਸਿੰਘ ਨੇ ਆਪਣੇ ਖੇਡ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ। ਅਕੈਡਮੀ ਦੇ ਹਾਕੀ ਕੋਚ ਭੁਪਿੰਦਰ ਸਿੰਘ ਤੇ ਮਨਦੀਪ ਕੌਰ ਦਾ ਸਨਮਾਨ ਕੀਤਾ ਗਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਤੇ ਪ੍ਰਿੰਸੀਪਲ ਰਮਨ ਕੁਮਾਰ ਨੇ ਸਮਾਗਮ ਦੌਰਾਨ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ।