ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਅਕਤੂਬਰ
ਇਥੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਲਈ ਵੀਜ਼ੇ ’ਚ ਦਿੱਕਤ ਆਉਣ ਕਾਰਨ ਇਕ ਨੌਜਵਾਨ ਨੇ ਆਪਣੇ ਚਚੇਰੇ ਭਰਾ ਦੇ ਨਾਮ ਉੱਤੇ ਪਾਸਪੋਰਟ ਬਣਾਇਆ ਤੇ ਪਰਵਾਸੀ ਭੂਆ ਵੱਲੋਂ ਗੋਦ ਲਈ ਲੜਕੀ(ਭੈਣ) ਨਾਲ ਵਿਆਹ ਕਰਾ ਲਿਆ ਤੇ ਕੈਨੇਡਾ ਜਾ ਕੇ ਵਸ ਗਿਆ। ਪਰਵਾਸੀ ਭੂਆ ਨਾਲ ਜ਼ਮੀਨੀ ਵਿਵਾਦ ਪੈਦਾ ਹੋਣ ਉੱਤੇ ਭੂਆ ਨੇ ਸਾਰਾ ਭੇਤ ਖੋਲ੍ਹ ਦਿੱਤਾ।
ਸਥਾਨਕ ਐੱਨਆਰਆਈ ਪੁਲੀਸ ਨੇ ਇਸ ਮਾਮਲੇ ਵਿੱਚ ਧੋਖਾਧੜੀ ਦਾ ਕੇਸ ਦਰਜ ਕਰਕੇ ਬਲਦੇਵ ਸਿੰਘ ਪਿੰਡ ਢੁੱਡੀਕੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਬਲਦੇਵ ਸਿੰਘ ਦੇ ਨਾਮ ਉੱਤੇ ਉਸਦੇ ਚਚੇਰਾ ਭਰਾ ਨਰਮੋਹਤਮ ਸਿੰਘ ਗਿੱਲ ਨੇ ਪਾਸਪੋਰਟ ਬਣਾਉਣ ਬਾਅਦ ਪਰਵਾਸੀ ਪੰਜਾਬੀ ਭੂਆ ਚਰਨਜੀਤ ਕੌਰ ਵੱਲੋਂ ਗੋਦ ਲਈ ਲੜਕੀ ਨਾਲ ਸਾਲ 2006 ਵਿੱਚ ਵਿਆਹ ਕਰਾ ਲਿਆ ਤੇ ਕੈਨੇਡਾ ਜਾ ਕੇ ਵਸ ਗਿਆ। ਪੁਲੀਸ ਅਨੁਸਾਰ ਚਰਨਜੀਤ ਕੌਰ ਨੇ ਆਪਣੇ ਭਰਾ ਦੀ ਮੌਤ ਬਾਅਦ ਭਤੀਜੀ ਨੂੰ ਗੋਦ ਲੈ ਲਿਆ ਸੀ ਤੇ ਉਹ ਉਸ ਨੂੰ ਕੈਨੇਡਾ ਲੈ ਗਈ ਸੀ। ਉਹ ਆਪਣੇ ਭਤੀਜੇ ਨਰਮੋਹਤਮ ਸਿੰਘ ਗਿੱਲ ਨੂੰ ਵੀ ਕੈਨੇਡਾ ਲਿਜਾਣਾ ਚਾਹੁੰਦੀ ਸੀ, ਪਰ ਨਰਮੋਹਤਮ ਦੇ ਵੀਜ਼ੇ ਵਿੱਚ ਦਿੱਕਤ ਆ ਗਈ ਤੇ ਨਰਮੋਹਤਮ ਨੇ ਬਲਦੇਵ ਸਿੰਘ ਦੇ ਨਾਮ ਉਤੇ ਪਾਸਪੋਰਟ ਬਣਾ ਲਿਆ ਅਤੇ ਚਚੇਰੀ ਭੈਣ ਨਾਲ ਵਿਆਹ ਕਰ ਕੇ ਕੈਨੇਡਾ ਪਹੁੰਚਣ ’ਚ ਸਫ਼ਲ ਹੋ ਗਿਆ। ਕਰੀਬ 4 ਸਾਲ ਪਹਿਲਾਂ ਉਸ ਦਾ ਭੂਆ ਨਾਲ ਜ਼ਮੀਨੀ ਵਿਵਾਦ ਪੈਦਾ ਹੋ ਗਿਆ ਤੇ ਭੂਆ ਨੇ ਪੁਲੀਸ ਨੂੰ ਸ਼ਿਕਾਇਤ ਦੇ ਕੇ ਸਾਰਾ ਭੇਤ ਖੋਲ੍ਹ ਦਿੱਤਾ। ਪੁਲੀਸ ਨੇ ਹੁਣ ਇਥੇ ਰਹਿੰਦੇ ਅਸਲ ਨਾਮ ਵਾਲੇ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਪੁਲੀਸ ਨੇ ਕੈਨੇਡਾ ਗਏ ਨਰਮੋਹਤਮ ਸਿੰਘ ਗਿੱਲ, ਉਸਦੀ ਮਾਂ ਪਰਮਜੀਤ ਕੌਰ ਅਤੇ ਸ਼ਿਕਾਇਤਕਰਤਾ ਭੂਆ ਤੇ ਪਰਵਾਸੀ ਪੰਜਾਬੀ ਭਤੀਜੀ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਹੈ। ਪੁਲੀਸ ਮੁਤਾਬਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ।