Market Committee Mansa: ਚੁਕੇਰੀਆਂ ਖ਼ਰੀਦ ਕੇਂਦਰ ਮਾਮਲੇ ’ਚ ਅੰਦੋਲਨ ਦਾ ਐਲਾਨ
ਮਾਨਸਾ ਨੇੜਲੇ ਪਿੰਡ ਚੁਕੇਰੀਆਂ ਦੇ ਖ਼ਰੀਦ ਕੇਂਦਰ ਵਿੱਚ ਝੋਨੇ ਦੀ ਖ਼ਰੀਦ ਸ਼ੁਰੂ ਨਾ ਕਰਵਾਉਣ ਲਈ ਪੰਜਾਬ ਸਰਕਾਰ ਦੇ ਫ਼ੈਸਲੇ ਖਿਲਾਫ਼ ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ ਵੱਲੋਂ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ...
ਮਾਨਸਾ ਨੇੜਲੇ ਪਿੰਡ ਚੁਕੇਰੀਆਂ ਦੇ ਖ਼ਰੀਦ ਕੇਂਦਰ ਵਿੱਚ ਝੋਨੇ ਦੀ ਖ਼ਰੀਦ ਸ਼ੁਰੂ ਨਾ ਕਰਵਾਉਣ ਲਈ ਪੰਜਾਬ ਸਰਕਾਰ ਦੇ ਫ਼ੈਸਲੇ ਖਿਲਾਫ਼ ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ ਵੱਲੋਂ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਇਹ ਫ਼ੈਸਲਾ ਮੰਡੀਆਂ ਵਿੱਚੋਂ ਜਿਣਸ ਦੀ ਖ਼ਰੀਦ ਤੋਂ ਭੱਜਣ ਵਾਲੇ ਪਾਸੇ ਜਾਣ ਦੀ ਕੋਸ਼ਿਸ਼ ਹੈ। ਜਥੇਬੰਦੀ ਨੇ 12 ਅਕਤੂਬਰ ਨੂੰ ਡੀ ਸੀ ਮਾਨਸਾ ਕੋਲ ਸਰਕਾਰੀ ਅਧਿਕਾਰੀਆਂ, ਸ਼ੈੱਲਰ ਮਾਲਕਾਂ ਅਤੇ ਆੜ੍ਹਤੀਆਂ ਦੀ ਇਸ ਮਨਮਾਨੀ ਦਾ ਮਾਮਲਾ ਉਠਾਉਣ ਤੋਂ ਬਾਅਦ ਜੇ ਇਨਸਾਫ਼ ਨਾ ਮਿਲਿਆ ਤਾਂ ਮੰਡੀ ਦੀ ਸਫ਼ਾਈ ਨਾ ਕਰਵਾਉਣ ਦੇ ਵਿਰੋਧ ’ਚ ਮਾਰਕਿਟ ਕਮੇਟੀ ਮਾਨਸਾ ਸਾਹਮਣੇ ਧਰਨਾ ਦਿੱਤਾ ਜਾਵੇਗਾ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਅੱਜ ਚੁਕੇਰੀਆਂ ਦੀ ਅਨਾਜ ਮੰਡੀ ਵਿੱਚ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਸਰਕਾਰ ਪਿੰਡ ਚੁਕੇਰੀਆਂ ਦੇ ਖ਼ਰੀਦ ਕੇਂਦਰ ਵਿੱਚ ਕਣਕ ਦੀ ਖ਼ਰੀਦ ਕਰ ਸਕਦੀ ਹੈ ਤਾਂ ਝੋਨੇ ਦੀ ਖ਼ਰੀਦ ਕਰਨ ਵਿੱਚ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪਿੰਡ ਵਾਲੇ ਝੋਨੇ ਦੀ ਖ਼ਰੀਦ ਨਾ ਹੋਣ ਤੋਂ ਦੁਖੀ ਹਨ। ਲੋਕਾਂ ਨੇ ਮਾਰਕੀਟ ਕਮੇਟੀ ਨੂੰ ਜ਼ਮੀਨ ਹੀ ਹਾੜ੍ਹੀ ਅਤੇ ਸਾਉਣੀ ਦੀ ਜਿਣਸ ਵੇਚਣ ਲਈ ਦਿੱਤੀ ਸੀ, ਪਰ ਹੁਣ ਅਧਿਕਾਰੀਆਂ ਦੀ ਮਨਮਾਨੀ ਨਾਲ ਝੋਨੇ ਦੀ ਖ਼ਰੀਦ ਪਿਛਲੇ ਕਈ ਸਾਲਾਂ ਤੋਂ ਬੰਦ ਹੈ।
ਇਸ ਮੌਕੇ ਹਰਭਜਨ ਸਿੰਘ, ਕਾਲਾ ਸਿੰਘ, ਪਾਲੀ ਸਿੰਘ, ਗੁਰਾਦਿੱਤਾ ਸਿੰਘ, ਮਨਜੀਤ ਸਿੰਘ ਉਲਕ, ਇਕਬਾਲ ਸਿੰਘ ਫਫੜੇ ਵੀ ਮੌਜੂਦ ਸਨ।

