Mansa suicide case: ਖ਼ੁਦਕੁਸ਼ੀ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਥਾਣੇ ਦਾ ਘੇਰਾਓ
ਅੱਠਵੇਂ ਦਿਨ ਵੀ ਸਸਕਾਰ ਤੋਂ ਇਨਕਾਰ; ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਘਿਰਾਓ ਜਾਰੀ ਰੱਖਣ ਦਾ ਐਲਾਨ
ਜੋਗਾ (ਮਾਨਸਾ) (ਜੋਗਿੰਦਰ ਸਿੰਘ ਮਾਨ/ਸ਼ਿੰਗਾਰਾ ਸਿੰਘ ਅਕਲੀਆ): ਇੱਕ ਮਹਿਲਾ ਵੱਲੋਂ ਸਕੂਲ ਹਿੱਸੇਦਾਰੀ ਦੀ ਦੇਣਦਾਰੀ ਨਾ ਦੇਣ ਬਦਲੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਪੀੜਤ ਧਿਰ ਨੇ ਥਾਣਾ ਜੋਗਾ ਅੱਗੇ ਪੱਕਾ ਧਰਨਾ ਲਾ ਦਿੱਤਾ ਹੈ। ਬਾਅਦ ਵਿੱਚ ਉਨ੍ਹਾਂ ਮਾਨਸਾ-ਬਰਨਾਲਾ ਮੁੱਖ ਮਾਰਗ ’ਤੇ ਜਾਮ ਲਾ ਦਿੱਤਾ। ਅੱਜ ਧਰਨਕਾਰੀਆਂ ਨੇ ਪੁਲੀਸ ’ਤੇ ਕਸੂਰਵਾਰਾਂ ਨਾਲ ਮਿਲੇ ਹੋਣ ਅਤੇ 8 ਦਿਨ ਬਾਅਦ ਵੀ ਗ੍ਰਿਫ਼ਤਾਰੀ ਨਾ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਤੱਕ ਪੁਲੀਸ ਮੁਲਜ਼ਮਾਂ ਨੂੰ ਨਹੀਂ ਫੜਦੀ, ਉਦੋਂ ਤੱਕ ਮ੍ਰਿਤਕਾ ਦਾ ਅੰਤਿਮ ਸਸਕਾਰ ਨਹੀਂ ਹੋਵੇਗਾ। ਇਸ ਮੌਕੇ ਨੌਂ ਮੈਂਬਰੀ ਸੰਘਰਸ਼ ਕਮੇਟੀ ਨੇ ਥਾਣਾ ਜੋਗਾ ਅੱਗੇ ਟੈਂਟ ਲਾਕੇ ਪੱਕਾ ਮੋਰਚਾ ਲਾ ਦਿੱਤਾ। ਉਨ੍ਹਾਂ ਨਾਲ ਕਿਸਾਨ ਜਥੇਬੰਦੀਆਂ, ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਤੇ ਪਿੰਡ ਵਾਸੀ ਸ਼ਾਮਲ ਹੋਏ। ਸੰਘਰਸ਼ ਕਮੇਟੀ ਦੇ ਆਗੂ ਬੇਅੰਤ ਸਿੰਘ ਨੇ ਕਿਹਾ ਕਿ ਸਕੂਲ ਹਿੱਸੇਦਾਰੀ ’ਚ ਲੱਖਾ ਸਿੰਘ ਨੇ ਆਪਣੀ ਜ਼ਮੀਨ ਵੇਚ ਕੇ ਪੈਸੇ ਦਿੱਤੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਅਧਿਆਪਕ ਜੋੜਾ ਜਗਤਾਰ ਸਿੰਘ ਅਤੇ ਉਸਦੀ ਪਤਨੀ ਮਨਪ੍ਰੀਤ ਨੇ ਇਸ ਵਿੱਚ ਹੇਰ-ਫੇਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਹੱਥੋਂ ਜਾਣ ’ਤੇ ਕਰੋੜਾਂ ਰੁਪਏ ਦੀ ਧੋਖਾਧੜੀ ਤੋਂ ਪ੍ਰੇਸ਼ਾਨ ਹੋ ਕੇ ਲੱਖਾ ਸਿੰਘ ਦੀ ਪਤਨੀ ਕਿਰਨਜੀਤ ਕੌਰ ਨੇ ਜਾਨ ਦੇ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ 8 ਦਿਨ ਬਾਅਦ ਵੀ ਪੁਲੀਸ ਵੱਲੋਂ ਮੁਲਜ਼ਮ ਪਤੀ-ਪਤਨੀ ਨੂੰ ਜਾਣ-ਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨਾਲ ਹੋਈ ਕਰੋੜਾਂ ਰੁਪਏ ਦੀ ਠੱਗੀ ’ਚ ਇਨਸਾਫ਼ ਦਿਵਾਇਆ ਜਾਵੇ।
ਦੂਜੇ ਪਾਸੇ, ਕਿਰਨਜੀਤ ਕੌਰ ਦੀ ਦੇਹ ਨੂੰ ਸਿਵਲ ਹਸਪਤਾਲ ਮਾਨਸਾ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਅੱਠ ਦਿਨ ਬੀਤਣ ਉਪਰੰਤ ਵੀ ਉਸਦਾ ਸਸਕਾਰ ਨਹੀਂ ਕੀਤਾ ਗਿਆ। ਪੀੜਤ ਪਰਿਵਾਰ ਹਾਲੇ ਵੀ ਕਸੂਰਵਾਰਾਂ ਦੀ ਗ੍ਰਿਫ਼ਤਾਰੀ ਤੱਕ ਸਸਕਾਰ ਨਾ ਕਰਨ ’ਤੇ ਅੜਿਆ ਹੋਇਆ ਹੈ। ਧਰਨਾਕਾਰੀਆਂ ਦਾ ਕਹਿਣਾ ਹੈ ਜਿੰਨਾ ਚਿਰ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਹ ਸੰਘਰਸ਼ ਜਾਰੀ ਰੱਖਣਗੇ।
ਡੀ ਐੱਸ ਪੀ ਹਰਜਿੰਦਰ ਸਿੰਘ ਗਿੱਲ ਨੇ ਧਰਨੇ ਵਿੱਚ ਪੁੱਜ ਕੇ ਕਿਹਾ ਕਿ ਪੁਲੀਸ ਦੀ ਕਾਰਵਾਈ ’ਚ ਕੋਈ ਢਿੱਲ ਨਹੀਂ ਹੈ, ਮੁਲਜ਼ਮ ਹਾਲੇ ਫਰਾਰ ਹਨ। ਉਨ੍ਹਾਂ ਦੀ ਭਾਲ ਲਗਾਤਾਰ ਜਾਰੀ ਹੈ ਤੇ ਛੇਤੀ ਹੀ ਉਹ ਪੁਲੀਸ ਦੀ ਗ੍ਰਿਫ਼ਤ ’ਚ ਹੋਣਗੇ।

